ਗ਼ਜ਼ਲ
ਇਸ ਤਰ੍ਹਾਂ ਦਰ ਅੱਗਿਉਂ ਤਾਂ ਨਿਕਲਣਾ ਚੰਗਾ ਨਹੀਂ।
ਆਸ ਤੇ ਝਾਂਜੇ ਜਿਉਂ ਇਹ ਵਰਸਣਾ ਚੰਗਾ ਨਹੀਂ।
ਦੇਖਿਆ, ਜਦ, ਆ ਰਹੇ ਹੋ, ਤੇਜ਼ ਹੋਈਆਂ ਧੜਕਣਾਂ,
ਜਾਣਦੇ ਸਾਂ ਇਸ ਤਰ੍ਹਾਂ ਦਿਲ ਧੜਕਣਾ ਚੰਗਾ ਨਹੀਂ।
ਦੂਰ ਤੋਂ ਤਾਂ ਦੇਖਦੇ ਸਉ, ਇਧਰ ਵਲ ਵਿਸ਼ਵਾਸ਼ ਵਿਚ,
ਨੇੜ ਆ ਕੇ ਭਾਵ ਆਪਣੇ, ਬਦਲਣਾ ਚੰਗਾ ਨਹੀਂ।
ਚੁੱਭ ਗਈ ਸ਼ਾਇਦ ਕੋਈ ਹੈ, ਜੱਗ ਦੀ ਤਿੱਖੀ ਨਜ਼ਰ,
ਨਜ਼ਰ ਜੱਗ ਦੀ ਦਾ ਇਉਂ ਤਾਂ, ਲੱਗਣਾ ਚੰਗਾ ਨਹੀਂ।
ਪਰ ਕਦੋਂ ਛੁਪਦੇ ਛੁਪਾਏ, ਇਸ਼ਕ ਤੇ ਖੁਸ਼ਬੂ ਕਿਤੇ,
ਇਹ ਨਹੀਂ ਮਤਲਬ ਕਿ ਫੁੱਲ ਦਾ ਮਹਿਕਣਾ ਚੰਗਾ ਨਹੀਂ।
ਜੋ ਰਹੇ ਹੋ ਕੇ ਜ਼ਰੂਰੀ, ਓਸ ਤੋਂ ਡਰਨਾ ਫਜ਼ੂਲ,
ਬੇਫਜ਼ੂਲੇ ਜ਼ਿੰਦਗੀ ਵਿਚ, ਸੁਲਗਣਾ ਚੰਗਾ ਨਹੀਂ।
ਪਰਤ ਆ ਹੁਣ ਪਰਤਣਾ ਹੀ, ਹੈ ਭਲੇ ਵਿਚ ਦੋਸਤਾ,
ੜੇਲੇ ਸਿਰ ਨਾ ਪਰਤਿਆ, ਫਿਰ ਤੜਪਣਾ ਚੰਗਾ ਨਹੀਂ।
ਹਨ ਭਲੇ, ਜੋ ਨਿਕਲਦੇ ਨੇ, ਪਲ ਇਕੱਠੇ ਸਾਥ ਵਿਚ,
ਰਤਨ ਮੰਜ਼ਿਲ ਛੱਡਕੇ, ਫਿਰ ਭਟਕਣਾ ਚੰਗਾ ਨਹੀਂ।