ਗੁਰੂ ਨਾਨਕ ਨੇ ਜੱਗ ਰੁਸ਼ਨਾਇਆ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਗੁਰੂ ਨਾਨਕ ਨੇ ਜੱਗ ਰੁਸ਼ਨਾਇਆ, ਪੁੰਨਿਆਂ ਕੱਤਕ ਦੀ॥
ਡੁੱਬਦੇ ਜਗਤ ਨੂੰ ਤਾਰਨ ਆਇਆ, ਪੁੰਨਿਆਂ ਕੱਤਕ ਦੀ।
ਕਾਮ ਕ੍ਰੋਧ, ਮੋਹ ਲੋਭ ਚ ਡੁੱਬੇ, ਸ਼ਾਸ਼ਕ ਹੰਕਾਰੀ।
ਲੁੱਟ, ਖੋਹ, ਚੋਰੀ, ਠੱਗੀ, ਮਾਰੀ, ਦੁਨੀਆਂ ਸੀ ਸਾਰੀ।
ਸੱਚ ਧਰਮ ਦਾ ਸਬਕ ਸਿਖਾਇਆ, ਪੁੰਨਿਆਂ ਕੱਤਕ ਦੀ।
ਗੁਰੂ ਨਾਨਕ ਨੇ ਜੱਗ ਰੁਸ਼ਨਾਇਆ, ਪੁੰਨਿਆਂ ਕੱਤਕ ਦੀ।
ਇੱਕੋ ਰੱਬ ਦੇ ਜੀਅ ਨੇ ਸਾਰੇ, ਭੈਣ ਭਾਈ ਸਾਰੇ,
ਜੀਕੂੰ ਮਾਂ ਨੂੰ ਪੁੱਤ ਪਿਆਰੇ, ਉਸਨੂੰ ਸੱਭ ਪਿਆਰੇ,
ਜਾਤ, ਧਰਮ ਦਾ ਫਰਕ ਮਿਟਾਇਆ, ਪੁੰਨਿਆਂ ਕੱਤਕ ਦੀ।
ਗੁਰੂ ਨਾਨਕ ਨੇ ਜੱਗ ਰੁਸ਼ਨਾਇਆ, ਪੁੰਨਿਆਂ ਕੱਤਕ ਦੀ॥
ਸਾਰੀ ਦੁਨੀਆਂ ਦੇ ਵਿੱਚ ਜਾਕੇ ਹੋਕਾ, ਸੱਚ ਦਾ ਲਾ ਦਿੱਤਾ।
ਧਰਮ ਦੇ ਨਾਂ ਤੇ ਲੁੱਟ ਖੋਹਣ ਦਾ ਪਰਦਾ ਲਾਹ ਦਿਤਾ।
ਰੱਬ ਦਾ ਭਉ ਦਿਖਲਾਇਆ, ਪੁੰਨਿਆ ਕੱਤਕ ਦੀ।
ਸੱਚਾ ਧਰਮ ਹੈ ਕੀ ਇਹ ਮੁੱਲਾਂ ਪੰਡਿਤ ਨੂੰ ਸਮਝਾਇਆ।
ਰਾਜ ਧਰਮ ਪਰਜਾ ਸੰਗ ਨਿਆਓਂ ਜਾਣੋਂ ਨਹੀ ਪਰਾਇਆ।
ਡਰ ਕੁਚਲੇ ਲੋਕਾਂ ਦਾ ਲਾਹਿਆ, ਪੁੰਨਿਆਂ ਕੱਤਕ ਦੀ
ਗੁਰੂ ਨਾਨਕ ਨੇ ਜੱਗ ਰੁਸ਼ਨਾਇਆ, ਪੁੰਨਿਆਂ ਕੱਤਕ ਦੀ।
ਵੀਹ ਰੁਪਈਆਂ ਦਾ ਲੈ ਸੀਧਾ, ਭੁੱਖੇ ਸੰਤ ਰਜਾਏ
ਹਲ ਵਾਹ ਫਸਲਾਂ ਬੀਜ, ਵੱਢਕੇ ਲੰਗਰ ਘਰੋਂ ਚਲਾਏ
ਲ਼ੱਖਾਂ ਨੂੰ ਨੇ ਨਾਮ ਜਪਾਇਆ, ਪੁੰਨਿਆਂ ਕੱਤਕ ਦੀ।
ਗੁਰੂ ਨਾਨਕ ਨੇ ਜੱਗ ਰੁਸ਼ਨਾਇਆ, ਪੁੰਨਿਆਂ ਕੱਤਕ ਦੀ॥
ਸ਼ਬਦ ਸੰਦੇਸ਼ੇ ਦਿੱਤੇ ਉਸਦੇ ਅੱਜ ਵੀ ਮੰਨੇ ਜਾਂਦੇ ।
ਗੁਰੂ ਗ੍ਰੰਥ ਵਿੱਚ ਗੁਰੂ ਅਰਜਨ ਨੇ ਸ਼ਿਦਤ ਨਾਲ ਨੇ ਸਾਂਭੇ।
ਸਿੱਖ ਧਰਮ ਦਾ ਬੂਟਾ ਲਾਇਆ, ਪੁੰਨਿਆਂ ਕੱਤਕ ਦੀ।
ਗੁਰੂ ਨਾਨਕ ਨੇ ਜੱਗ ਰੁਸ਼ਨਾਇਆ, ਪੁੰਨਿਆਂ ਕੱਤਕ ਦੀ॥