ਤੇਰੇ ਨਾਮ ਦੇ ਸਹਾਰੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰੇ ਨਾਮ ਦੇ ਸਹਾਰੇ, ਚੰਗੇ ਵੇਲੇ ਨੇ ਗੁਜ਼ਾਰੇ।
ਉਹ ਹੀ ਸਚੀਂ ਲੇਖੇ ਲੱਗੇ, ਤੇਰੇ ਹੁਕਮ ਤੋਂ ਵਾਰੇ।
ਤੇਰੀ ਯਾਦ ਹਰ ਵੇਲੇ ਤੇ ਧਿਆਨ ਤੇਰੇ ਵੱਲ
ਜਗੱਕਾਰ ਹੋਈ ਜਾਵੇ, ਮਨ ਵਿਗੜੇ ਨਾ ਪਲ।
ਹੁੰਦਾ ਸਾਰਾ ਕੁੱਝ ਚੰਗਾ, ਕੰਮ ਹੋਈ ਜਾਂਦੇ ਸਾਰੇ।
ਤੇਰੇ ਨਾਮ ਦੇ ਸਹਾਰੇ, ਚੰਗੇ ਵੇਲੇ ਨੇ ਗੁਜ਼ਾਰੇ।
ਜਿਹੜਾ ਤੇਰੇ ਨਾਲ ਜੁੜੇ, ਉਹਦਾ ਕੁੱਝ ਵੀ ਨਾ ਥੁੜੇ,
ਸਦਾ ਤੇਰੇ ਵੱਲ ਵਧੇ, ਖੱਬੇ ਸੱਜੇ ਨਾ ਉਹ ਮੁੜੇ।
ਇੱਕ ਸੇਧ ਤੇਰੇ ਵੱਲ ਤੇ ਧਿਆਨ ਪਹਿਰ ਚਾਰੇ।
ਜਿਹੜੇ ਦਿਲੀਂ ਤੇਰੀ ਖਿੱਚ, ਉਹ ਨਾ ਹੁੰਦੇ ਕਦੇ ਜਿੱਚ,
ਰਹਿੰਦੇ ਰੰਗ ਤੇਰੇ ਰੰਗੇ, ਖਾਸ ਰੰਗ ਉਨ੍ਹਾਂ ਵਿੱਚ।
ਸਦਾ ਜਿਤਦੇ ਹੀ ਦੇਖੇ, ਉਹ ਤਾਂ ਕਦੇ ਵੀ ਨਾਂ ਹਾਰੇ।
ਤੇਰੇ ਨਾਮ ਦੇ ਸਹਾਰੇ, ਚੰਗੇ ਵੇਲੇ ਨੇ ਗੁਜ਼ਾਰੇ।
ਲੜ ਲਾ ਕੇ ਰੱਖ ਸਾਈਂ ਮੀਂਹ ਤੂੰ ਮਿਹਰ ਦਾ ਵਰ੍ਹਾਈਂ,
ਨਾਤਾ ਜੱਗ ਦਾ ਭੁਲਾਈਂ, ਮਾਇਆ ਮੋਹ ਤੋਂ ਤੁੜਵਾਈ,
ਮੈਂ ਤੋਂ ਤੂੰ ਜੇ ਬਣ ਜਾਵਾਂ, ਤੇਰੇ ਨਿੱਤ ਦੇ ਦੀਦਾਰੇ।
ਤੇਰੇ ਨਾਮ ਦੇ ਸਹਾਰੇ, ਚੰਗੇ ਵੇਲੇ ਨੇ ਗੁਜ਼ਾਰੇ।
ਚਿੱਤ ‘ਚ ਤਦ ਰੱਬ ਸ਼ਾਮਿਲ ਹੁੰਦੈ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਘਰ ਦੇ ਵਿੱਚ ਇਕੱਲੇ ਹੋਵੋ।
ਦੁੱਖਾਂ ਦਾ ਜਦ ਬੋਝਾ ਢੋਵੋ,
ਯਾਦ ਗਏ ਨੂੰ ਕਰ ਕਰ ਰੋਵੋ,
ਗਮ ਹੀ ਗਮ ਜਦ ਹਾਸਿਲ ਹੁੰਦੈ।
ਵਕਤ ਬੜਾ ਹੀ ਮੁਸ਼ਕਿਲ ਹੁੰਦੈ।
ਚਿੱਤ ‘ਚ ਤਦ ਰੱਬ ਸ਼ਾਮਿਲ ਹੁੰਦੈ।
ਜਦ ਮਿੱਤਰ ਹੀ ਲੁੱਟ ਕੇ ਲੈ ਜਾਏ,
ਡੰਗ ਰੋਟੀ ਦੇ ਲਾਲੇ ਪੈ ਜਾਏ ।
ਬੰਦਾ ਸੋਚ-ਸਮਝ ਤੋਂ ਰਹਿ ਜਾਏ,
ਜੋ ਕਰਦੇ ਸਭ ਨਿਹਫਲ ਹੁੰਦੈ।
ਵਕਤ ਬੜਾ ਹੀ ਮੁਸ਼ਕਿਲ ਹੁੰਦੈ।
ਚਿੱਤ ‘ਚ ਤਦ ਰੱਬ ਸ਼ਾਮਿਲ ਹੁੰਦੈ।
ਸੰਗੀ ਸਾਥੀ ਸਾਥ ਨਾ ਦਿੰਦੇ,
ਜੋ ਕਰਦੇ ਸਭ ਪੁੱਠੇ ਪੈਂਦੇ,
ਲੋਕੀ ਬੁਰੀਆਂ ਗੱਲਾਂ ਕਹਿੰਦੇ,
ਅਕਲਾਂ ਵਾਲਾ ਜਾਹਿਲ ਹੁੰਦੈ,
ਵਕਤ ਬੜਾ ਹੀ ਮੁਸ਼ਕਿਲ ਹੁੰਦੈ।
ਚਿੱਤ ‘ਚ ਤਦ ਰੱਬ ਸ਼ਾਮਿਲ ਹੁੰਦੈ।
ਜਦ ਕਿਰਸਾਨ ਦੀ ਖੇਤੀ ਭਾਰੀ,
ਭੋਂ ਤੇ ਵਿਛ ਜਾਏ ਗੜਿਆਂ ਮਾਰੀ,
ਘਰ ਦੇ ਖਰਚੇ ਤੋਂ ਲਾਚਾਰੀ,
ਬੰਦਾ ਪਲ ਨਾ ਗਾਫਿਲ ਹੁੰਦਾ।
ਵਕਤ ਬੜਾ ਹੀ ਮੁਸ਼ਕਿਲ ਹੁੰਦੈ।
ਚਿੱਤ ‘ਚ ਤਦ ਰੱਬ ਸ਼ਾਮਿਲ ਹੁੰਦੈ।
ਤੂਫਾਨਾਂ ਵਿੱਚ ਫਸ ਜਾਏ ਕਿਸ਼ਤੀ,
ਹੋਵੇ ਨਾ ਕੋਈ ਨੇੜੇ ਬਸਤੀ,
ਡੁਬਦੀ ਦਿਸਦੀ ਹੋਵੇ ਹਸਤੀ,
ਦੇਹ ਹੋਵੇ ਧੇਲੇ ਤੋਂ ਸਸਤੀ,
ਵਕਤ ਬੜਾ ਹੀ ਮੁਸ਼ਕਿਲ ਹੁੰਦੈ।
ਚਿੱਤ ‘ਚ ਤਦ ਰੱਬ ਸ਼ਾਮਿਲ ਹੁੰਦੈ।
ਹੋਵੇ ਜਦ ਕੋਈ ਜੱਗੋ ਬਾਹਰੀ
ਪਵੇ ਦੇਸ਼ ਤੇ ਜਦ ਮਹਾਂਮਾਰੀ।
ਢੇਰ ਲਗਣ ਲਾਸ਼ਾਂ ਦੇ ਭਾਰੀ,
ਢਾਕਟਰ ਨਾ ਕੋਈ ਕਾਮਿਲ ਹੁੰਦੈ।
ਵਕਤ ਬੜਾ ਹੀ ਮੁਸ਼ਕਿਲ ਹੁੰਦੈ।
ਚਿੱਤ ‘ਚ ਤਦ ਰੱਬ ਸ਼ਾਮਿਲ ਹੁੰਦੈ।
ਚੰਗਾ ਹੈ ਮੁਸ਼ਕਿਲ ਨਾ ਆਵੇ,
ਬੰਦਾ ਆਪੇ ਰੱਬ ਧਿਆਵੇ,
ਲੋਕ-ਸੇਵ ਵਿੱਚ ਵੀ ਜੁਟ ਜਾਵੇ,
ਤਾਂਹੀਓਂ ਬੰਦਾ ਕਾਮਿਲ ਹੁੰਦੈ।
ਚਿੱਤ ‘ਚ ਜਦ ਰੱਬ ਸ਼ਾਮਿਲ ਹੁੰਦੈ।
ਰੱਬ ਨੂੰ ਸਦਾ ਧਿਆਈਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰੱਬ ਨੂੰ ਸਦਾ ਧਿਆਈਂ, ਟਿਕਿਆ ਚਿੱਤ ਰਹੂ।
ਉਸ ਵਿਚ ਤਾੜੀ ਲਾਈਂ, ਟਿਕਿਆ ਚਿੱਤ ਰਹੂ।
ਨਾਮ ਦਾ ਅੰਮ੍ਰਿਤ ਚਿੱਤ ਨੂੰ ਲਾਈਂ,
ਮਾਇਆ ਮੋਹ ਨਾ ਮਨ ਭਟਕਾਈਂ,
ਸੱਚ ਦਾ ਸੰਗ ਬਣਾਈਂ, ਟਿਕਿਆ ਚਿੱਤ ਰਹੂ।
ਰੱਬ ਨੂੰ ਸਦਾ ਧਿਆਈਂ, ਟਿਕਿਆ ਚਿੱਤ ਰਹੂ।
ਕੋਠੀ, ਬੰਗਲਾ, ਉੱਚੀ ਪਦਵੀ,
ਮਨ ਭਟਕੇਗਾ ਸੋਚੇਂ ਜਦ ਵੀ,
ਮਾਇਆ ਮੋਹ ਨਾ ਪਾਈਂ, ਟਿਕਿਆ ਚਿੱਤ ਰਹੂ।
ਰੱਬ ਨੂੰ ਸਦਾ ਧਿਆਈਂ, ਟਿਕਿਆ ਚਿੱਤ ਰਹੂ।
ਕਾਮ, ਕ੍ਰੋਧ, ਤੇ ਲੋਭ ਹੰਕਾਰਾ,
ਇਸ ਵਿੱਚ ਫਸਿਆ ਕੁੱਲ ਸੰਸਾਰਾ,
ਅਪਣਾ ਆਪ ਬਚਾਈਂ, ਟਿਕਿਆ ਚਿੱਤ ਰਹੂ।
ਰੱਬ ਨੂੰ ਸਦਾ ਧਿਆਈਂ, ਟਿਕਿਆ ਚਿੱਤ ਰਹੂ।
ਬੰਦ ਕਰ ਘਾਟ ਦਾ ਰੋਣਾ ਧੋਣਾ
ਉਸ ਦੇ ਹੁਕਮ ਵਿਚ ਸਭ ਕੁਝ ਹੋਣਾ,
ਉਹ ਨਾ ਕਦੇ ਭੁਲਾਈਂ, ਟਿਕਿਆਂ ਚਿੱਤ ਰਹੂ।
ਰੱਬ ਨੂੰ ਸਦਾ ਧਿਆਈਂ, ਟਿਕਿਆ ਚਿੱਤ ਰਹੂ।
ਤੇਰੇ ਕੀਤੇ, ਕੁਝ ਨਾ ਬਣਨਾ,
ਜੋ ਕਰਨਾ ਸੋ ਉਸ ਨੇ ਕਰਨਾ,
ਉਸ ਦਾ ਹੁਕਮ ਬਜਾਈਂ, ਟਿਕਿਆ ਚਿੱਤ ਰਹੂ।
ਰੱਬ ਨੂੰ ਸਦਾ ਧਿਆਈਂ, ਟਿਕਿਆ ਚਿੱਤ ਰਹੂ।
ਦੁਨੀਆਂ ਤੇ ਜਿਸ ਲਈ ਸੀ ਆਇਆ,
ਉਸ ਦੇ ਸੰਗ ਤੂੰ ਚਿੱਤ ਨਾ ਲਾਇਆ,
ਉਸ ਸੰਗ ਹੁਣ ਜੁੜ ਜਾਈਂ, ਟਿਕਿਆ ਚਿੱਤ ਰਹੂ।
ਰੱਬ ਨੂੰ ਸਦਾ ਧਿਆਈਂ, ਟਿਕਿਆ ਚਿੱਤ ਰਹੂ।
ਉਹ ਮਿਲਿਆ ਤਾਂ ਸਭ ਕੁਝ ਮਿਲ ਜਾਊ,
ਉਸ ਜੁੜਿਆਂ ਦਿਲ ਫੁੱਲ ਜਿਉਂ ਖਿੜ ਜਾਊ,
ਜਲ ਤੇ ਕਮਲ ਬਣਾਈਂ, ਟਿਕਿਆ ਚਿੱਤ ਰਹੂ।
ਰੱਬ ਨੂੰ ਸਦਾ ਧਿਆਈਂ, ਟਿਕਿਆ ਚਿੱਤ ਰਹੂ।
ਹੋਰ ਕਿਨਾ ਰੱਖਣਾ ਏਂ ਦੂਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹੋਰ ਕਿਨਾ ਰੱਖਣਾ ਏਂ ਦੂਰ, ਯਾਰਾ ਦੱਸ।
ਤੇਰੀ ਪੇਸ਼ੀ ਕਦੋਂ ਏ ਹਜ਼ੂਰ, ਯਾਰਾ ਦੱਸ।
ਪਾਸੇ ਪਾਸੇ ਰੱਖ ਕੇ ਤੂੰ, ਏਨਾ ਤੜਪਾਵੇਂ ਕਿਉਂ?
ਚਾਹੁੰਦੇ ਜਿਹੜੇ ਦਿਲੋਂ, ਗਲ ਆਪਣੇ ਨਾ ਲਾਵੇਂ ਕਿਉਂ?
ਏਨਾ ਸਾਥੋਂ ਹੋਇਆ ਕੀ ਕਸੂਰ, ਯਾਰਾ ਦੱਸ।
ਹੋਰ ਕਿਨਾ ਰੱਖਣਾ ਏਂ ਦੂਰ, ਯਾਰਾ ਦੱਸ।
ਤੇਰੇ ਬਿਨ ਲਗਦਾ ਏ ਦਿਲ ਬੜਾ ਸੱਖਣਾ,
ਆਪਣੇ ਜੋ ਤੇਰੇ, ਇੰਜ ਦੂਰ ਕਿਉਂ ਏ ਰੱਖਣਾ,
ਆਊ ਕਦ ਮੇਲ ਦਾ ਸਰੂਰ, ਯਾਰਾ ਦੱਸ।
ਹੋਰ ਕਿਨਾ ਰੱਖਣਾ ਏਂ ਦੂਰ, ਯਾਰਾ ਦੱਸ।
ਦੂਰੀਆਂ ਇਹ ਹੋਰ ਹੁਣ ਸਹੀਆਂ ਨਹੀਓਂ ਜਾਂਦੀਆਂ,
ਕਦ ਤੇਰੇ ਸੰਗ ਦੀਆਂ ਘੜੀਆਂ ਨੇ ਆਂਦੀਆਂ,
ਕਿਕਰਾਂ ਨੂੰ ਵੀ ਪੈ ਗਏ ਹੁਣ ਬੂਰ, ਯਾਰਾ ਦੱਸ।
ਹੋਰ ਕਿਨਾ ਰੱਖਣਾ ਏਂ ਦੂਰ, ਯਾਰਾ ਦੱਸ।
ਆ ਜਾ ਗਲ ਲਾ ਲੈ, ਤੇ ਮਿਟਾ ਦੇ ਸਭ ਦੂਰੀਆਂ,
ਤੈਨੂੰ ਕੀ ਝਿਜਕ, ਤੈਨੂੰ ਕੀ ਨੇ ਮਜ਼ਬੂਰੀਆਂ,
ਮਿਲਣੇ ਦੀ ਲੋਚ ਮਜ਼ਬੂਰ. ਯਾਰਾ ਦੱਸ।
ਹੋਰ ਕਿਨਾ ਰੱਖਣਾ ਏਂ ਦੂਰ, ਯਾਰਾ ਦੱਸ।
ਤੇਰੀ ਪੇਸ਼ੀ ਕਦੋਂ ਏ ਹਜ਼ੂਰ, ਯਾਰਾ ਦੱਸ।
ਸਭ ਤੋਂ ਵੱਡਾ ਸਤਿਗੁਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰੇ ਵਰਗਾ ਹੋਰ ਨਹੀਂ ਕਰਤਾਰ ਕੋਈ।
ਬਿਨ ਤੇਰੇ ਤਾਂ ਸੁੱਚਾ ਨਹੀਂ ਵਿਚਾਰ ਕੋਈ।
ਰਚਣਹਾਰ ਤੇ ਪਾਲਣਹਾਰਾ ਦੁਨੀਆਂ ਦਾ,
ਹੋਰ ਕਿਵੇਂ ਹੋ ਸਕਦਾ ਪਾਣੀ ਹਾਰ ਕੋਈ।
ਦੁਨੀਆਂ ਦੇ ਵਿਚੱ ਰਹਿਕੇ, ਜੱਗ ਤੋਂ ਵੱਖਰਾ ਹੈਂ,
ਤੇਰੇ ਬਿਨ ਨ ਜਗ ਨੂੰ ਕਰਦਾ ਪਿਆਰ ਕੋਈ।
ਦੁਨੀਆਂ ਭਟਕੀ ਫਿਰਦੀ ਤੂੰ ਜੋ ਦਿਸਦਾ ਨਾਂ,
ਤੈਨੂੰ ਦੇਖਣ ਲਈ ਪਰ ਨਾ ਉਪਚਾਰ ਕੋਈ।
ਉਹ ਅੱਖਾਂ ਨੇ ਵੱਖ ਜੋ ਤੈਨੂੰ ਵੇਖਦੀਆਂ,
ਦੁਨੀਆਂ ਵਿੱਚ ਹੀ ਵੇਖੇ, ਹੈ ਦਿਲਦਾਰ ਕੋਈ।
ਆਪ ਸਮਝ ਕੇ ਆਪ ਗੁਆ ਕੇ, ਰਹਿ ਪਾਸੇ,
ਤੇਰੇ ਵਿੱਚ ਮਿਟ ਜਾਂਦਾ ਗੁਰਮੁਖ ਯਾਰ ਕੋਈ।
ਨਾਮ ਜਪਣਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇਹ ਨੀਂਦ ਸਵਖਤੇ ਕਿਉਂ ਖੁਲ੍ਹਦੀ?
ਜਪਣਾ ਹੈ ਨਾਮ ਇਉਂ ਖੁਲ੍ਹਦੀ।
ਜੋ ਵਾਅਦਾ ਉਸ ਨਾਲ ਕੀਤਾ ਸੀ,
ਉਹ ਪੁਰਾ ਕਰਨਾ, ਤਿਉਂ ਖੁਲ੍ਹਦੀ।
ਬਾਹਰ ਤੋਂ ਅੰਦਰ ਵੱਲ ਜਾਈਏ,
ਬੰਦ ਜੱਗ ਤੋਂ, ਰੱਬ ਦੇ ਸਿਉਂ ਖੁਲ੍ਹਦੀ।
ਅੱਧ ਖੁਲ੍ਹੀਆਂ ਅੱਖਾਂ ਵਿੱਚ ਨਸ਼ਾ,
ਮਿਲੀਏ ਜਦ, ਕਮਲ ਜਿਉਂ ਖੁਲ੍ਹਦੀ।
ਰੋਸ਼ਨ ਗਿਆਨ ਦਾ ਡੇਰਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਚਾਰੇ ਪਾਸੇ ਨ੍ਹੇਰਾ ਹੈ।
ਰੋਸ਼ਨ ਗਿਆਨ ਦਾ ਡੇਰਾ ਹੈ ।
ਬੰਦ ਅੱਖੀਆਂ ਵਿੱਚ ਰਾਤ ਵਸੇ,
ਖੋਲ੍ਹੋ, ਦਿਸੇ ਸਵੇਰਾ ਹੈ।
ਉਂਜ ਤਾਂ ਭਟਕਣ, ਅਟਕਣ ਹੈੈ।
ਮਨ-ਬੁੱਧ ਰਾਹ ਦਿਸੇਰਾ ਹੈ।
ਚਲੋਗੇ, ਪੁੱਜ ਜਾਉਗੇ।
ਰੁਕਿਆਂ, ਸਫਰ ਵਡੇਰਾ ਹੈ।
ਮਾਇਆ ਕੁਦਰਤ ਰੱਬ ਦੀ ਹੈ,
ਨਾ ਕੁੱਝ ਤੇਰਾ ਮੇਰਾ ਹੈ।
ਹਰ ਇੱਕ ਵੱਖਰਾ ਰੂਪ ਰਚੇ।
ਰੱਬ ਤਾਂ ਗਜ਼ਬ ਚਿਤੇਰਾ ਹੈ।
ਆਪੋ ਅਪਣੀ ਇੱਛਾ ਹੈ,
ਸੱਭ ਦਾ ਅਪਣਾ ਘੇਰਾ ਹੈ।
ਵਾਇਰਸ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵਾਇਰਸ ਆਇਆ, ਵਾਇਰਸ ਆਇਆ।
ਰੱਬ ਨੇ ਸੱਭ ਨੂੰ ਡਰ ਵਿੱਚ ਪਾਇਆ।
ਕਿਧਰੋਂ ਆਊ, ਕੀਕੂੰ ਆਊ,
ਕਿਹੜਾ ਬੰਦਾ ਠਿੱਬੀ ਲਾਊ।
ਹਰ ਕੋਈ ਲਗਦਾ ਦਿਸੇ ਪਰਾਇਆ।
ਵਾਇਰਸ ਆਇਆ, ਵਾਇਰਸ ਆਇਆ।
ਘਰ ਵਿੱਚ ਹੀ ਬੰਦ ਹੋ ਗਏ ਸਾਰੇ,
ਰੱਖ ਫਾਸਲਾ ਮਿਲਣ ਵਿਚਾਰੇ।
ਮੂੰਹ ਤੇ ਮੋਟਾ ਮਾਸਕ ਪਾਇਆ।
ਵਾਇਰਸ ਆਇਆ, ਵਾਇਰਸ ਆਇਆ।
ਪਤਾ ਨਾ ਕਿਸ ਤੋਂ ਟੱਪ ਕੇ ਆਵੇ,
ਪਤਾ ਨਾ ਕਿਹੜੀ ਚੀਜ਼ ਛੁਹਾਵੇ।
ਖੌਫ ਖੁਦਾ ਦਾ ਮਨ ਪਾਇਆ
ਵਾਇਰਸ ਆਇਆ, ਵਾਇਰਸ ਆਇਆ।
ਵੱਡੇ ਤੋਂ ਵੱਡੇ ਵੀ ਢਾਹੇ,
ਡਾਕਟਰ ਵੀ ਧਰਤੀ ਤੇ ਲਾਹੇ,
ਸਾਇੰਸਦਾਨਾਂ ਹੋਸ਼ ਗਵਾਇਆ।
ਵਾਇਰਸ ਆਇਆ, ਵਾਇਰਸ ਆਇਆ।
ਰੱਬਾ ਤੇਰੇ ਰੰਗ ਨਿਆਰੇ।
ਇੱਕ ਵਾਇਰਸ ਰਾਹ ਢਾਹ ਲਏ ਸਾਰੇ।
ਪਤਾ ਨਹੀਂ ਕੀ ਰੋਗ ਬਣਾਇਆ।
ਵਾਇਰਸ ਆਇਆ, ਵਾਇਰਸ ਆਇਆ।
ਤੇਰਾ ਨਾ ਹੁਣ ਜਪਦੇ ਸਾਰੇ,
ਕਰਦੇ ਨੇ ਅਰਦਾਸ ਵਿਚਾਰੇ,
ਰੱਬਾ! ਤੇਰੀ ਵੱਡੀ ਮਾਇਆ
ਵਾਇਰਸ ਆਇਆ, ਵਾਇਰਸ ਆਇਆ।
ਇਸ ਤੋਂ ਹੁਣ ਤੂੰ ਹੀ ਛੁਡਵਾਈਂ।
ਇਸ ਤੋਂ ਬਚਣ ਦਾ ਰਾਹ ਸਮਝਾਈਂ।
ਕਰ ਕਾਬੂ ਜੋ ਪਿਛੇ ਲਾਇਆ।
ਵਾਇਰਸ ਆਇਆ, ਵਾਇਰਸ ਆਇਆ।
ਸੁਪਨੇ ਮੁੜਕੇ ਘਰ ਨਾ ਆਏ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬੀਆਬਾਨੀ ਭਟਕ ਰਹੇ ਹਾਂ, ਰੇਤਥਲੇ ਦੀ ਭੋਇਂ ਜਾਏ।
ਰੁੱਤਾਂ ਸਾਡੇ ਵਰ ਨਾ ਆਈਆਂ, ਸੁਪਨੇ ਮੁੜਕੇ ਘਰ ਨਾ ਆਏ।
ਮੋੋਇਆਂ ਵਰਗਾ ਜੀਵਨ ਸਾਡਾ, ਲਿਖਣਹਾਰੇ ਲੇਖ ਇਹ ਲਿਖਿਆ,
ਸਾਨੂੰ ਸਮਝ ਕਦੇ ਨਾ ਆਈ, ਦੁਨੀਆਂਦਾਰਾਂ ਦਿੱਤੀ ਸਿੱਖਿਆ।
ਲਾਇਆ ਅੰਦਰ ਬ੍ਰਿਹੋਂ ਲਾਂਬੂ, ਅੰਗ ਅੰਗ ਸਾਡਾ ਮਚਦਾ ਜਾਏ।
ਬੀਆਬਾਨੀ ਭਟਕ ਰਹੇ ਹਾਂ, ਰੇਤਥਲੇ ਦੀ ਭੋਇਂ ਜਾਏ।
ਮਤਲਬਖੋਰਾ ਕਹਿ ਗਿਆ ‘ਆਊਂ’ ਨਾ ਮੁੜਿਆ, ਨਾ ਸੁੱਖ ਸੁਨੇਹਾ,
ਠੰਢਕ ਕਿੱਥੋਂ ਮਿਲੇ, ਹੈ ਸਾਹੀਂ, ਤਪਸ਼ਾਂ ਭਰਿਆ ਹਉਕਾ ਕੇਹਾ।
ਬਹੁਤੀ ਲੰਘ ਗਈ ਸੜਦੇ ਭੁਜਦੇ, ਲਗਦੈ ਬਾਕੀ ਇਵੇਂ ਵਿਹਾਏ।
ਬੀਆਬਾਨੀ ਭਟਕ ਰਹੇ ਹਾਂ, ਰੇਤਥਲੇ ਦੀ ਭੋਇਂ ਜਾਏ।
ਲਾਉਣਾ ਇਸ਼ਕ ਗੁਨਾਹ ਕਿਉਂ ਬਣਿਆ, ਬਣ ਗਿਆ ਇਹ ਕਿਉਂ ਰੋਗ ਸਮਾਜੀ?
ਜੋ ਨਾ ਜਿਸ ਦੇ ਹਾਣ ਦੀ ਉਹ ਹੀ ਅਣਮੇਚੇ ਦੇ ਨਾਲ ਵਿਹਾਜੀ।
ਦਿਲ ਦੇਖੇ ਨਾ ਦੁਨੀਆ ਇਹ ਤਾਂ, ਮਾਇਆ ਨੇ ਸੱਭ ਇਉਂ ਉਲਝਾਏ।
ਬੀਆਬਾਨੀ ਭਟਕ ਰਹੇ ਹਾਂ, ਰੇਤਥਲੇ ਦੀ ਭੋਇਂ ਜਾਏ।
ਉੱਠੋ ਇਸ ਸਮਾਜ ਨੂੰ ਬਦਲੋ, ਖੋਲੋ ਹਰ ਦਿਲ ਪ੍ਰੇਮ ਪਟਾਰਾ।
ਤਨ ਦੇ ਨਾਲੋਂ ਦਿਲ ਦਾ ਹੋਵੇ ਸਭਨਾਂ ਨੂੰ ਸਤਿਕਾਰ ਪਿਆਰਾ।
ਮਿੱਠਤ ਨੀਵੀਂ, ਪਿਆਰ ਉਚੇਰਾ, ਬਦਲੀ ਦੀ ਇਹ ਪੌਣ ਵਗਾਏ।
ਬੀਆਬਾਨੀ ਭਟਕ ਰਹੇ ਹਾਂ, ਰੇਤਥਲੇ ਦੀ ਭੋਇਂ ਜਾਏ।
ਸਿਆਸਤੀ ਵਾਅਦੇ ਅਤੇ ਭਰੋਸੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵਾਅਦਿਆਂ ਦੀ ਇਸ ਸਿਆਸਤ ਵਿੱਚ ਭਰੋਸੇ ਭੁਰ ਰਹੇ।
ਸੜ ਰਹੀ ਇਨਸਾਨੀਅਤ, ਲਾਲਚ ਦੇ ਬਲਦੇ ਚੁਰ ਰਹੇ।
ਜੋ ਬਣਾਏ ਆਸ ਪਰਬਤ, ਹਉਕਿਆਂ ਵਿੱਚ ਖੁਰ ਰਹੇ,
ਗਰਮ ਰੁੱਤੇ ਵੀ ਨਿਰਾਸ਼ਾ ਠੰਢ ਦੇ ਵਿੱਚ ਠੁਰ ਰਹੇ।
ਲੱਗ ਗਈ ਸੀ ਅੱਖ ਪਲ ਵੀ ਹੋ ਗਿਆ ਲੰਬੀ ਉਡੀਕ,
ਜਾਗਿਆ ਤਾਂ ਜਾਣ ਸੁੱਤਾ, ਉਹ ਅਗਾਂਹ ਨੂੰ ਤੁਰ ਰਹੇ।
ਵਕਤ ਨੇ ਖਾਧਾ ਹੈ ਪਲਟਾ, ਸਮਝ ਤੋਂ ਸੱਭ ਬਾਹਰ ਹੈ,
ਪਛੜਿਆਂ ਪੱਲੇ ਨਾ ਕੁਝ ਹੁਣ, ਬੈਠ ਐਵੇਂ ਝੁਰ ਰਹੇ।
ਨਾਚ ਨੇ ਜਿਮਨਾਸਟਿਕ ਤੇ ਰੈਪ, ਗਾਣੇ ਵਕਤ ਦੇ,
ਹੇਕ ਵਾਲੇ ਗੀਤ ਨਾ ਹੁਣ, ਨਾ ਸਰੋਦੀ ਸੁਰ ਰਹੇ।
ਵਾਸਹਿਜ ਰੱਖ, ਸੰਤੋਖ ਰੱਖ, ਜੋ ਮਿਲ ਗਿਆ ਤਾਂ ਸ਼ੁਕਰ ਕਰ,
ਵਕਤ ਸੰਗ ਹੀ ਬਦਲੀਆਂ ਦੇ ਜੁੜੇ ਨੇ ਧੁਰ ਰਹੇ।