• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: ਪੰਥ ਅੱਗੇ ਉੱਠੇ ਗੰਭੀਰ ਮਸਲਿਆਂ ਬਾਰੇ ਖੋਜ ਵਿਚਾਰ

dalvinder45

SPNer
Jul 22, 2023
972
39
79
ਪੰਥ ਅੱਗੇ ਉੱਠੇ ਗੰਭੀਰ ਮਸਲਿਆਂ ਬਾਰੇ ਖੋਜ ਵਿਚਾਰ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪੰਥ ਦੀ ਪ੍ਰਮੁਖ ਰਾਹਨੁਮਾ ਸੰਸਥਾ ਅਕਾਲ ਤਖਤ ਸਾਹਿਬ ਅਤੇ ਪੰਜ ਤਖਤ ਸਾਹਿਬਾਨ ਹਨ ਅਤੇ ਮੁੱਖ ਸੰਸਥਾਵਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹਨ। ਜਥੇਦਰ ਸਾਹਿਬ ਸਮੇਂ ਸਮੇਂ ਬਦਲਦੇ ਰਹੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਉੱਪਰ ਸਿੱਧੇ-ਅਸਿੱਧੇ ਤੌਰ ਤੇ ਕੰਟ੍ਰੋਲ ਸੁਖਬੀਰ ਸਿੰਘ ਬਾਦਲ ਦਾ ਹੈ ਜਿਸ ਵਲੋਂ ਥਾਪੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਸਾਹਿਬ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਧਾਮੀ ਸਨ ਜਿਨ੍ਹਾਂ ਨੇ ਅਸਤੀਫਾ ਦੇ ਦਿਤਾ ਹੈ ਅਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਨਾ ਪ੍ਰਧਾਨ ਤੋਂ ਹੈ। ਇਸੇ ਤਰ੍ਹਾਂ ਜਥੇਦਾਰ ਸਾਹਿਬਾਨਾਂ ਵਿੱਚੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਰਘਬੀਰ ਸਿੰਘ ਜੀ, ਦਮਦਮਾ ਸਾਹਿਬ ਦੇ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ ਤੇ ਕੇਸਗੜ੍ਹ ਦੇ ਜਥੇਦਾਰ ਸਰਦਾਰ ਜਥੇਦਾਰ ਸੁਲਤਾਨ ਸਿੰਘ ਜੀ ਨੂੰ ਵੀ ਬੇਅਦਬੀ ਨਾਲ ਬਰਖਾਸਤ ਕੀਤਾ ਗਿਆ। ਜੋ ਨਵੇਂ ਜਥੇਦਾਰ ਲਾਏ ਗਏ ਹਨ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਬਾਬਾ ਟੇਕ ਸਿੰਘ ਧਨੌਲਾ ਹਨ ਜਿਨ੍ਹਾਂ ਨੂੰ ਪੰਥ ਦੀਆਂ ਮੁੱਖ ਜਥੇਬੰਦੀਆਂ ਅਤੇ ਆਮ ਸਿੱਖਾਂ ਨੇ ਸਵੀਕਾਰ ਨਹੀਂ ਕੀਤਾ । ਜੇ ਪੰਥ ਦੀ ਅੱਜ ਦੀ ਸਥਿਤੀ ਦੇਖੀਏ ਤਾਂ ਪੰਥ ਇਸ ਵੇਲੇ ਹਰ ਪੱਖੋਂ ਲੀਡਰ ਰਹਿਤ ਹੈ। ਅਕਾਲ ਤਖਤ ਤੇ ਦੋ ਤਖਤਾਂ ਦੇ ਜਥੇਦਾਰ ਪ੍ਰਵਾਨਿਤ ਨਹੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਅਸਤੀਫਾ ਦੇ ਦਿਤਾ ਹੈ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅਸਤੀਫਾ ਦੇ ਦਿਤਾ ਤੇ ਵਰਕਿੰਗ ਕਮੇਟੀ ਦੇ ਮੈਂਬਰ ਤਨਖਾਹੀਏ ਹਨ ਜੋ ਪੰਥ ਨੂੰ ਮਨਜ਼ੂਰ ਨਹੀਂ। ਇਸ ਤਰ੍ਹਾਂ ਪੰਥ ਹਰ ਪਾਸਿਓਂ ਚਿੰਤਾਜਨਕ ਸਥਿਤੀ ਵਿੱਚ ਹੈ।

ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਗੇ ਬਾਗੀ ਆਗੂਆਂ ਵੱਲੋਂ ਬਾਦਲ ਗ੍ਰੁਪ ਵਿਰੁਧ ਕੀਤੀਆਂ ਗਈਆਂ ਸ਼ਿਕਾਇਤਾਂ ਵਿੱਚ 2007 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਲਈ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਬੇਅਦਬੀ ਦਾ ਕੇਸ ਰੱਦ ਕਰਨਾ, ਬਰਗਾੜੀ ਕਾਂਡ ਦੇ ਦੋਸ਼ੀਆਂ ਅਤੇ ਪੁਲੀਸ ਅਧਿਕਾਰੀਆਂ ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਬਾਰੀ ਦੀਆਂ ਘਟਨਾਵਾਂ ਲਈ ਸਜ਼ਾ ਦੇਣ ਵਿੱਚ ਨਾਕਾਮੀ, ਵਿਵਾਦਗ੍ਰਸਤ ਆਈ. ਪੀ. ਐਸ. ਅਧਿਕਾਰੀ ਸੁਮੇਧ ਸਿੰਘ ਸੈਨੀ ਨੂੰ ਪੰਜਾਬ ਦੇ ਡੀ. ਜੀ. ਪੀ. ਵਜੋਂ ਨਿਯੁਕਤ ਕਰਨ ਦੀ ਇਜਾਜ਼ਤ ਦੇਣ ਤੋਂ ਇਲਾਵਾ ਵਿਵਾਦਗ੍ਰਸਤ ਪੁਲੀਸ ਅਧਿਕਾਰੀ ਇਜ਼ਹਾਰ ਆਲਮ ਦੀ ਪਤਨੀ ਫਰਜ਼ਾਨਾ ਆਲਮ ਨੂੰ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਟਿਕਟ ਦੇਣਾ ਅਤੇ ਉਸ ਨੂੰ ਮੁੱਖ ਸੰਸਦੀ ਸਕੱਤਰ ਨਿਯੁਕਤ ਕਰਨਾ ਅਤੇ ਅਖੀਰ ਵਿੱਚ ਫ਼ਰਜ਼ੀ ਮੁਕਾਬਲੇ ਦੇ ਕੇਸਾਂ ਵਿੱਚ ਪੀੜਤਾਂ ਨੂੰ ਨਿਆਂ ਦਿਵਾਉਣ ਵਿੱਚ ਨਾਕਾਮੀ ਸ਼ਾਮਲ ਸਨ। ਬਾਗੀਆਂ ਨੇ ਇਨ੍ਹਾਂ ਗਲਤੀਆਂ ਲਈ ਸੁਖਬੀਰ ਨੂੰ ਜ਼ਿੰਮੇਵਾਰ ਠਹਿਰਾਇਆ। ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੋਮਵਾਰ 2 ਦਿਸੰਬਰ 2024 ਨੂੰ ਅੰਮ੍ਰਿਤਸਰ ਵਿਖੇ ਇਕ ਅਹਿਮ ਮੀਟਿੰਗ ਹੋਈ, ਜਿੱਥੇ ਗੰਭੀਰ ਧਾਰਮਿਕ ਅਤੇ ਰਾਜਨੀਤਿਕ ਮੁੱਦਿਆਂ 'ਤੇ ਵਿਚਾਰ ਕੀਤਾ ਗਿਆ।

ਜੇ ਪਿਛੋਕੜ ਵੇਖੀਏ ਤਾਂ ਕੁਝ ਹੋਰ ਮਹਤਵ ਪੂਰਨ ਘਟਨਾਵਾਂ ਵੀ ਇਸ ਸਬੰਧ ਵਿੱਚ ਜੁੜਦੀਆਂ ਹਨ:

ਨਾਨਕ ਸ਼ਾਹੀ ਕੈਲੰਡਰ ਦੀ ਸਥਾਪਤੀ ਅਤੇ ਇਸ ਦਾ ਆਰ ਐਸ ਐਸ ਵਲੋਂ ਵਿਰੋਧ ਵੀ ਇੱਕ ਖਾਸ ਕਾਰਨ ਰਿਹਾ ਹੈ ਤੇ ਆਰ ਐਸ ਐਸ ਦੇ ਇਸ ਵਿਰੋਧ ਦੇ ਹੱਕ ਵਿੱਚ ਬਾਦਲ ਪਰਿਵਾਰ ਵੀ ਰਿਹਾ। ਇਹ ਲਿਖਾਰੀ ਨੂੰ ਪ੍ਰਿੰਸੀਪਲ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਜੋਂ ਸਰਦਾਰ ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਇੱਕ ਵਾਰ ਲੁਧਿਆਣਾ ਤੋਂ ਸ੍ਰੀ ਅੰਮ੍ਰਿਤਸਰ ਜਾਣ ਦਾ ਮੌਕਾ ਮਿਲਿਆਙ ਅਸੀਂ ਅਜੇ ਬਿਆਸ ਨਿਕਲੇ ਹੀ ਸਾਂ ਕਿ ਇੱਕ ਢਾਬੇ ਉੱਤੇ ਸਾਨੂੰ ਆਰਐਸਐਸ ਦੇ ਕੁਝ ਵਰਕਰਾਂ ਨੇ ਘੇਰ ਲਿਆਙ ਉਨਾਂ ਨੇ ਦਬਕਾ ਮਾਰ ਕੇ ਇਹ ਕਿਹਾ ਕਿ ਅਸੀਂ ਨਾਨਕਸ਼ਾਹੀ ਕੈਲੰਡਰ ਲਾਗੂ ਨਹੀਂ ਹੋਣ ਦਿਆਂਗੇਙ ਸਰਦਾਰ ਕਿਰਪਾਲ ਸਿੰਘ ਬਡੂੰਗਰ ਉਸੇ ਵਕਤ ਵਾਪਸ ਸਾਬੋ ਕੀ ਤਲਵੰਡੀ ਨੂੰ ਵਾਪਸ ਆਏ ਤੇ ਉਸੇ ਰਾਤ ਹੀ ਨਾਨਕਸ਼ਾਹੀ ਕੈਲੰਡਰ ਨੂੰ ਛਪਵਾਇਆ ਤੇ ਦੂਜੇ ਦਿਨ ਸੰਗਤ ਦੇ ਵਿੱਚ ਰਿਲੀਜ਼ ਕਰ ਦਿੱਤਾ। ਇਸ ਦਾ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਅਕਾਲੀਆਂ ਨੇ ਬੜਾ ਵਿਰੋਧ ਕੀਤਾਙ ਛੇਤੀ ਹੀ ਸਰਦਾਰ ਕਿਰਪਾਲ ਸਿੰਘ ਬਡੂੰਗਰ ਨੂੰ ਆਪਣੇ ਪੰਥ ਤੋਂ ਲਾਂਭੇ ਕਰ ਦਿੱਤਾ ਗਿਆ ਤੇ ਮੱਕੜ ਸਾਹਿਬ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਮੱਕੜ ਸਾਹਿਬ ਨੇ ਨਾਨਕਸ਼ਾਹੀ ਕੈਲੰਡਰ ਦੀ ਜਾਂਚ ਕਰਨ ਲਈ ਹਰਨਾਮ ਸਿੰਘ ਧੁੰਮਾ, ਟੇਕ ਸਿੰਘ ਤੇ ਇੱਕ ਮੈਂਬਰ ਹੋਰ ਤੇ ਅਧਾਰਿਤ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ। ਤਿੰਨਾ ਨੂੰ ਤਾਰਾ ਵਿਗਿਆਨ, ਸੂਰਜ ਵਿਗਿਆਨ ਬਾਰੇ ਕੋਈ ਨਹੀ ਸੀ। ਪਰ ਤਿੰਨਾਂ ਨੇ ਪ੍ਰੈਸ ਨੂੰ ਸਬੋਧਨ ਕਰਦਿਆਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਉਪਰ ਇੱਕ ਘੰਟਾ ਲੰਮੀ ਦੀਰਘ ਵਿਚਾਰ ਕੀਤੀ ਗਈ ਤੇ ਇਹ ਮਹਿਸੂਸ ਕੀਤਾ ਗਿਆ ਕਿ ਇਹ ਕੈਲੰਡਰ ਸਿੱਖ ਕੌਮ ਦੇ ਹਿੱਤ ਵਿੱਚ ਨਹੀਂ ਹੈ। ਇਸ ਤਰ੍ਹਾਂ ੍ਰਸ਼ਸ਼ ਰਾਹੀ ਬਾਦਲ ਨੂੰ ਹੋਏ ਹੁਕਮ ਉਪਰ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਵਾਲੀ ਤਿੰਨ ਮੈਂਬਰੀ ਕਮੇਟੀ ਵਿੱਚ ਹਰਨਾਮ ਸਿੰਘ ਧੁੰਮਾ ਨਾਲ ਬਾਬਾ ਟੇਕ ਸਿੰਘ ਧਨੌਲਾ ਵੀ ਇੱਕ ਮੈਂਬਰ ਸੀ। ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਹੁਕਮ ਅਨੁਸਾਰ ਇੱਕ ਕਮੇਟੀ ਬਣਾਈ ਜਿਸ ਨੇ ਨਾਨਕ ਸ਼ਾਹੀ ਕੈਲੰਡਰ ਨੂੰ ਨਾ ਮਨਜ਼ੂਰ ਕਰ ਦਿੱਤਾ। ਇਸ ਪਿੱਛੋਂ ਬਾਬਾ ਟੇਕ ਸਿੰਘ ਧਨੌਲਾ ਦਾ ਬਾਦਲ ਪਰਿਵਾਰ ਨਾਲ ਡੂੰਘਾ ਸਬੰਧ ਰਿਹਾ ਹੈ ਜਿਸ ਦੇ ਇਵਜ਼ ਵਿੱਚ ਉਨ੍ਹਾਂ ਨੂੰ ਹੁਣ ਜਥੇਦਾਰ ਦੀ ਪਦਵੀ ਨਾਲ ਨਿਵਾਜਿਆ ਗਿਆ ।ਉਨ੍ਹਾਂ ਦੇ ਪਿਛੋਕੜ ਬਾਰੇ ਉਥੋਂ ਦੇ ਹੀ ਪ੍ਰਸਿਧ ਵਿਅਕਤੀਆਂ ਨੇ ਪੋਸਟਾਂ ਪਾਈਆ ਹਨ ।

ਸੁਖਬੀਰ ਸਿੰਘ ਬਾਦਲ ਨੇ ਪੰਥ ਵਲੋਂ ਉਨ੍ਹਾਂ ਦੀ ਅਕਾਲੀ ਦਲ ਦੀ ਪ੍ਰਧਾਨਗੀ ਵਿਰੁਧ ਅਤੇ ਉਨ੍ਹਾਂ ਵਲੋਂ ਕੀਤੀਆਂ ਕੁਤਾਹੀਆਂ ਵਿਰੁਧ ਉੱਠੀਆਂ ਅਵਾਜ਼ਾਂ ਨੂੰ ਰੋਕਣ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖਤ ਤੋਂ ਮੁਆਫੀ ਦੇਣ ਦੀ ਰਸਮ ਨੂੰ ਨਿਭਾਉਣ ਲਈ ਕਿਹਾ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਤਖਤ ਤੇ ਅਪੀਲ ਕਰਨ ਅਤੇ ਪੰਜ ਪਿਆਰਿਆ ਤੋਂ ਤਨਖਾਹ ਲਗਾਏ ਜਾਣ ਦਾ ਰਾਹ ਦਸਿਆ ਤਾਂ ਸੁਖਬੀਰ ਸਿੰਘ ਬਾਦਲ ਉਨ੍ਹਾਂ ਨਾਲ ਨਰਾਜ਼ ਹੋ ਗਏ ਜਿਸ ਕਾਰਨ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਲ ਤਖਤ ਦੇ ਕਾਰਹਕਾਰੀ ਜਥੇਦਾਰ ਵਜੋਂ ਖਾਰਜ ਕਰਕੇ ਗਿਆਂਨੀ ਘੁਬੀਰ ਸਿੰਘ ਨੂੰ ਜੱਥੇਦਾਰ ਸਥਾਪਿਤ ਕੀਤਾ ਗਿਆ।ਗਿਆਨੀ ਹਰਪ੍ਰੀਤ ਸਿੰਘ ਨੂੰ ਗੰਭੀਰ ਦੋਸ਼ ਉਸ ਦੇ ਸਾਢੂ ਤੋਂ ਹੀ ਲਗਵਾ ਦਿੱਤੇ ਗਏ ਜੋ ਇੱਕ 17 ਸਾਲ ਪੁਰਾਣਾ ਪੁਰਾਣਾ ਕੇਸ ਸੀ ਜੋ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਤੇ ਉਸ ਦਾ ਅਕਾਲ ਤਖਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਸ ਲਈ ਰਘੂਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਬਣਾਈ ਗਈ। ਜਿਸ ਨੂੰ 15 ਦਿਨਾਂ ਚ ਪੜਤਾਲ ਕਰਕੇ ਆਪਣੀ ਰਿਪੋਰਟ ਪੇਸ਼ ਕਰਨੀ ਸੀ ਰਘੂਬੀਰ ਰਘੂਜੀਤ ਸਿੰਘ ਵਿਰਕ ਨੂੰ ਪੜਤਾਲ਼ੀਆਂ ਕਮੇਟੀ ਦਾ ਮੁਖੀ ਇਸ ਲਈ ਬਣਾਇਆ ਗਿਆ ਕਿਉਂਕਿ ਉਸ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰੀ ਹੇਠ ਦੋ ਵਾਰ ਤਨਖਾਹੀਆ ਕਰਾਰ ਦੇ ਕੇ ਤਨਖਾਹ ਲਾਈ ਜਾ ਚੁੱਕੀ ਸੀ । ਇੱਕ ਵਾਰ ਸੌਦਾ ਸਾਧ ਦੀ ਹਾਜ਼ਰੀ ਭਰਨ ਦੇ ਦੋਸ਼ ਹੇਠ ਅਤੇ ਦੂਸਰੀ ਵਾਰ ਗੁਰਦੁਆਰਾ ਰਾਮਸਰ ਅੰਮ੍ਰਿਤਸਰ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਡੀ ਗਿਣਤੀ ਵਿੱਚ ਸਰੂਪ ਅਗਨ ਭੇਟ ਕੀਤੇ ਜਾਣ ਤੇ ਇਸ ਮੰਦਭਾਗੀ ਘਟਨਾ ਨੂੰ ਦਬਾਉਣ ਦੇ ਦੋਸ਼ ਹੇਠ ਪੰਜਾਬ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਸਮੁੱਚੀ ਕਾਰਜਕਾਰਨੀ ਸਮਿਤੀ ਕਮੇਟੀ ਨੂੰ ਸਜ਼ਾ ਦੇਣ ਸਮੇਂ । ਤਾਂ ਸਰਦਾਰ ਰਘੂਜੀਤ ਸਿੰਘ ਤੋਂ ਕੀ ਆਸ ਰੱਖੀ ਜਾ ਸਕਦੀ ਸੀ ਕਿ ਉਹ ਖੁਦ ਨੂੰ ਸਜ਼ਾ ਦੇਣ ਵਾਲੇ ਜਥੇਦਾਰ ਵਿਰੁੱਧ ਨਿਰਪੱਖ ਜਾਂਚ ਕਰੇਗਾਙ 17 ਸਾਲ ਪੁਰਾਣੇ ਪਰਿਵਾਰਿਕ ਝਗੜੇ ਦੇ ਅਧਾਰ ਤੇ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਸਸਪੈਂਡ ਕੀਤਾ ਗਿਆ ਉਹ ਇੱਕ ਨਰੋਲ ਬੇ ਇਨਸਾਫੀ ਸੀ। ( ਸ਼ਾਇਦ ਪਿੱਛੋਂ ਵੀ ਸਰਦਾਰ ਰਘੂਜੀਤ ਸਿੰਘ ਵਿਰਕ ਦੀ ਪੜਤਾਲੀਆ ਕਮੇਟੀ ਨੇ ਗਿਆਨੀ ਰਘੁਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਜਥੇਦਾਰੀ ਤੋਂ ਲਹੁਣ ਦਾ ਫੈਸਲਾ ਦਿਤਾ।)

ਜਿਹੜਾ ਵੀ ਜਥੇਦਾਰੀ ਸਿਧਾਂਤ ਦੀ ਗੱਲ ਕਰਦਾ ਰਿਹਾ ਉਸ ਨੂੰ ਲਾਂਭੇ ਕੀਤਾ ਗਿਆ। ਭਾਈ ਰਣਜੀਤ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਬਲਵੰਤ ਸਿੰਘ ਨੰਦਗੜ੍ਹ. ਗਿਆਨੀ ਗੁਰਮੁਖ ਸਿੰਘ, ਗਿਆਨੀ ਹਰਪ੍ਰੀਤ ਸਿੰਘ ਤੇ ਹੁਣ ਅਕਾਲ ਤਖਤ ਦੇ ਜਥੇਦਾਰ ਰਘੁਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਇਸੇ ਦੀ ਮਿਸਾਲ ਹਨ ਜਿਨਾਂ ਨੂੰ ਬੇਇਜਤੀ ਭਰੇ ਢੰਗ ਨਾਲ ਅਹੁਦੇ ਤੋਂ ਹਟਾ ਦਿੱਤਾ ਗਿਆ, ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਬੀਰ ਸਿੰਘ ਦੋਵਾਂ ਨੂੰ ਤਾਂ ਭਾਜਪਾ ਦੇ ਏਜੰਟ ਦੱਸਣਾ ਸ਼ੁਰੂ ਕਰ ਦਿੱਤਾ।

ਮੀਟਿੰਗ ਤੋਂ ਪਹਿਲਾਂ ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ ਅਤੇ ਹੋਰ ਆਗੂਆਂ ਨੇ ਆਪਣੇ ਬਿਆਨ ਪੇਸ਼ ਕੀਤੇ। ਸੁਖਬੀਰ ਸਿੰਘ ਬਾਦਲ ਨੇ ਜਨਤਕ ਤੌਰ 'ਤੇ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਦੀ ਆਪਣੀ ਗਲਤੀ ਨੂੰ ਸਵੀਕਾਰ ਕੀਤਾ, ਜਿਸ ਨੇ ਪੰਜਾਬ ਵਿੱਚ ਮਹੱਤਵਪੂਰਨ ਅਸ਼ਾਂਤੀ ਪੈਦਾ ਕਰ ਦਿੱਤੀ ਸੀ, ਖ਼ਾਸਕਰ 2007 ਵਿੱਚ ਰਾਮ ਰਹੀਮ ਦੀਆਂ ਵਿਵਾਦਪੂਰਨ ਕਾਰਵਾਈਆਂ ਤੋਂ ਬਾਅਦ, ਜਿੱਥੇ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਰਾਵੇ ਅਤੇ ਰਸਮਾਂ ਦੀ ਨਕਲ ਕੀਤੀ ਸੀ। ਹਾਲਾਂਕਿ ਇਹ ਕੇਸ ਸ਼ੁਰੂ ਵਿੱਚ ਰਾਮ ਰਹੀਮ ਵਿਰੁੱਧ ਦਰਜ ਕੀਤਾ ਗਿਆ ਸੀ, ਪਰ ਅਕਾਲੀ ਸਰਕਾਰ ਨੇ ਇਸ ਨੂੰ ਵਾਪਸ ਲੈ ਲਿਆ ਅਤੇ ਬਾਅਦ ਵਿੱਚ ਸਿੱਖ ਭਾਈਚਾਰੇ ਦੇ ਵਿਰੋਧ ਤੋਂ ਬਾਅਦ ਉਸ ਨੂੰ ਦਿੱਤੀ ਗਈ ਮੁਆਫੀ ਨੂੰ ਵੀ ਰੱਦ ਕਰ ਦਿੱਤਾ ਗਿਆ।

ਬਾਗੀ ਧੜੇ ਵਲੋਂ ਮਿਲੀ ਸ਼ਿਕਾਇਤ ਸ਼ਿਕਾਇਤ ਨੂੰ ਘੋਖਣ ਲਈ ਪੰਜ ਸਿੰਘ ਸਾਹਿਬਾਨ ਨੇ ਸਭ ਤੋਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤੇ ਗਏ ਜਿਨ੍ਹਾਂ ਦੇ ਜਵਾਬ ਹਾਂ ਜਾਂ ਨਾਂਹ ਵਿਚ ਦੇਣ ਲਈ ਕਿਹਾ ਗਿਆ::

1. ਕੀ ਸਿੱਖ ਨੌਜਵਾਨਾਂ ਤੇ ਜ਼ੁਲਮ ਕਰਨ ਵਾਲੇ ਅਫਸਰਾਂ ਨੂੰ ਤਰਕੀਆਂ ਦਿੱਤੀਆਂ?

2. ਕੀ ਸੌਦਾ ਸਾਧ ਖਿਲਾਫ ਕੇਸ ਵਾਪਿਸ ਲਿਆ?

3. ਕੀ ਬਿਨਾ ਮੁਆਫੀ ਮੰਗੇ ਸੌਦਾ ਸਾਧ ਨੂੰ ਮਾਫੀ ਦੁਆਈ?

4. ਕੀ ਚੰਡੀਗੜ੍ਹ ਵਿਖੇ ਆਪਣੇ ਰਿਹਾਇਸ਼ ਤੇ ਜੱਥੇਦਾਰਾਂ ਨੂੰ ਬੁਲਾ ਕੇ ਸੌਦਾ ਸਾਧ ਨੂੰ ਮੁਆਫੀ ਦੇਣ ਲਈ ਕਿਹਾ?

5. ਕੀ ਪਾਵਨ ਸਰੂਪਾਂ ਦੀ ਚੋਰੀ ਅਤੇ ਬੇਅਦਬੀ ਮਾਮਲਿਆਂ ਦੀ ਜਾਂਚ ਕਰਵਾਈ?

6. ਕੀ ਬਰਗਾੜੀ ਸੰਗਤ ਉਪਰ ਲਾਠੀਚਾਰਜ ਕਰਵਾਇਆ ਅਤੇ ਗੋਲੀ ਚਲਵਾਈ ਗਈ?

7. ਕੀ ਨੌਜਵਾਨਾਂ ਉਪਰ ਹੋਰੇ ਜ਼ੁਲਮਾਂ ਤੇ ਕੋਈ ਕਮੇਟੀ ਬਣਾ ਕੇ ਜਾਂਚ ਕਰਵਾਈ ਗਈ?

8. ਕੀ ਸੌਦਾ ਸਾਧ ਦੀ ਮੁਆਫੀ ਦੇ ਸ਼੍ਰੋਮਣੀ ਕਮੇਟੀ ਤੋਂ ਇਸ਼ਤਿਹਾਰ ਛਪਵਾਏ ਗਏ?

ਜਵਾਬ ਹਾਂ ਜਾਂ ਨਾਂਹ ਵਿੱਚ ਦਿਤਾ ਜਾਵੇ।

ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਸਾਰੇ ਅਪਰਾਧ ਕਬੂਲਦਿਆਂ ‘ਹਾਂ’ ਵਿੱਚ ਜਵਾਬ ਦਿੱਤਾ ਤਾਂ ਜਥੇਦਾਰ ਸਾਹਿਬ ਨੇ ਉਸ ਨੂੰ 'ਤਨਖਾਹੀਆ' ਕਰਾਰ ਦਿੱਤਾ ।

ਇਸ ਪਿੱਛੋਂ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਉਨ੍ਹਾਂ ਦੀ 2007-2017 ਕਾਲ ਦੇ ਕੈਬੀਨੈਟ ਮੰਤਰੀਆਂ ਅਤੇ ਕੋਰ ਕਮੇਟੀ ਦੇ ਮੈਂਬਰਾਂ 1. ਸੁਖਦੇਵ ਸਿੰਘ ਢੀਡਸਾ 2.ਬੀਬੀ ਜਗੀਰ ਕੌਰ, 3. ਪ੍ਰੇਮ ਸਿੰਘ ਚੰਦੂਮਾਜਰਾ, 4. ਸੁਰਜੀਤ ਸਿੰਘ ਰਖੜਾ, 5. ਬਿਕਰਮ ਸਿੰਘ ਮਜੀਠੀਆ, 6. ਚਰਨਜੀਤ ਸਿੰਘ ਅਟਵਾਲ, 7. ਆਦੇਸ਼ ਪ੍ਰਤਾਪ ਸਿੰਘ ਕੈਰੋਂ, 8. ਸਿਕੰਦਰ ਸਿੰਘ ਮਲੂਕਾ 9.ਮਹੇਸ਼ ਇੰਦਰ ਗ੍ਰੇਵਾਲ 10. ਬਲਵਿੰਦਰ ਸਿੰਘ ਭੂੰਦੜ, 11. ਡਾ. ਦਲਜੀਤ ਸਿੰਘ ਚੀਮਾ ਆਦਿ ਨੂੰ ਇਨ੍ਹਾਂ ਫੈਸਲਿਆਂ ਵਿੱਚ ਭਾਗੀ ਹੋਣ ਕਰਕੇ ਤਲਬ ਕੀਤਾ ਗਿਆ।

ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਮਹੇਸ਼ ਇੰਦਰ ਗ੍ਰੇਵਾਲ, ਬਲਵਿੰਦਰ ਸਿੰਘ ਭੂੰਦੜ, Aqy ਡਾ. ਦਲਜੀਤ ਸਿੰਘ ਚੀਮਾ ਨੇ ਅਪਣੇ ਉਪਰ ਲਗਾਏ ਗਏ ਆਰੋਪਾਂ ਨੂੰ ਇਹ ਕਹਿੰਦੇ ਹੋਏ ਇਨਕਾਰੀ ਹੋਏ ਕਿ ਉਹ ਅਕਾਲੀ ਸਰਕਾਰ ਦੇ ਸ਼ਾਸਨ ਦੌਰਾਨ ਲਏ ਗਏ ਵਿਵਾਦਿਤ ਫੈਸਲਿਆਂ ਵਿੱਚ ਉਨ੍ਹਾਂ ਦੀ ਕੋਈ ਭਾਗੀਦਾਰੀ ਨਹੀਂ ਸੀ ਪਰ ਜਦ ਉਨ੍ਹਾਂ ਨੂੰ ਸਬੂਤ ਵਿਖਾਏ ਗਏ ਤਾਂ ਉਨ੍ਹਾਂ ਨੂੰ ਵੀ ਅਪਣੇ ਅਪਰਾਧ ਕਬੂਲਣੇ ਪਏ। ਇਨ੍ਹਾਂ ਤੋਂ ਬਿਨਾਂ ਬਾਕੀ ਸਭ ਨੇ ਅਪਣੇ ਅਪਰਾਧ ‘ਹਾਂ’ ਵਿੱਚ ਕਬੂਲਿਆ।

ਤਨਖਾਹੀਏ ਘੋਸ਼ਿਤ ਕੀਤੇ ਜਾਣ ਪਿੱਛੋਂ ਪੰਜ ਸਿੰਘ ਸਾਹਿਬਾਨ ਵਲੋਂ ਅਕਾਲ ਤਖਤ ਦੀ ਫਸੀਲ ਤੋਂ ਤਨਖਾਹਾਂ ਸੁਣਾਈਆਂ ਗਈਆਂ ਜੋ ਇਸ ਤਰ੍ਹਾਂ ਸਨ ;

ਸੁਖਬੀਰ ਸਿੰਘ ਬਾਦਲ ਅਤੇ ਹੋਰ ਸਜ਼ਾਜ਼ਾਫਤਾ ਨੇਤਾ ਦੋ ਦੋ ਦਿਨਾਂ ਲਈ ਸ੍ਰੀ ਦਰਬਾਰ ਸਾਹਿਬ, ਦਮਦਮਾ ਸਾਹਿਬ ਅਤੇ ਕੇਸਗੜ੍ਹ ਸਾਹਿਬ ਵਿੱਚ ਸੇਵਾਵਾਂ ਨਿਭਾਉਣਗੇ। ਇਸ ਮਿਆਦ ਦੇ ਦੌਰਾਨ, ਸੇਵਾ ਵਿੱਚ ਉਹ ਬਰਤਨ ਸਾਫ਼ ਕਰਕੇ, ਕੀਰਤਨ ਵਿੱਚ ਸ਼ਾਮਲ ਹੋ ਕੇ ਅਤੇ ਅੰਤਰ-ਸਾਧਨਾ ਲਈ ਸਮਾਂ ਸਮਰਪਿਤ ਕਰਕੇ ਭਾਈਚਾਰੇ ਦੀ ਸੇਵਾ ਕਰਨਗੇ।

ਇਸ ਤੋਂ ਇਲਾਵਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਵਿੱਚ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਲਾਏ ਗਏ ਦੋਸ਼ਾਂ ਅਤੇ ਕਾਰਵਾਈਆਂ ਦੇ ਮੱਦੇਨਜ਼ਰ ਦਿੱਤਾ ਗਿਆ 'ਫ਼ਖਰ-ਏ-ਕੌਮ' ਪੁਰਸਕਾਰ ਰੱਦ ਕਰ ਦਿੱਤਾ ।

ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਕਮੇਟੀ ਵੱਲੋਂ ਮੁਹੱਈਆ ਕਰਵਾਈਆਂ ਸਾਰੀਆਂ ਸਹੂਲਤਾਂ ਵਾਪਸ ਕਰਨ ਲਈ ਕਿਹਾ ਤੇ ਗਿਆਨੀ ਗੁਰਮੁਖ ਸਿੰਘ ਨੂੰ ਅੰਮ੍ਰਿਤਸਰ ਤੋਂ ਬਾਹਰ ਬਦਲ ਦਿਤਾ ਜਾਵੇ ਤੇ ਜਦ ਤਕ ਉਹ ਅਪਣੀਆਂ ਗਲਤੀਆਂ ਦੀ ਮਾਫੀ ਨਹੀਂ ਮੰਗ ਲੈਂਦੇ ਉਨ੍ਹਾਂ ਨੂੰ ਬਾਹਰ ਹੀ ਰੱਖਿਆ ਜਾਵੇ।

ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਬਿਕਰਮ ਸਿੰਘ ਮਜੀਠੀਆ, ਮਹੇਸ਼ ਇੰਦਰ ਸਿੰਘ ਗਰੇਵਾਲ, ਚਰਨਜੀਤ ਸਿੰਘ ਅਟਵਾਲ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਮੇਤ ਹੋਰ ਅਕਾਲੀ ਆਗੂਆਂ ਨੂੰ ਵੀ ਬਰਤਨ ਸਾਫ ਕਰਨ, ਇੱਕ-ਇੱਕ ਘੰਟੇ ਲਈ ਹਰਿਮੰਦਰ ਸਾਹਿਬ ਦੇ ਪਖਾਨੇ ਸਾਫ਼ ਕਰਨ ਅਤੇ ਪਾਠ ਕਰਨ ਲਈ ਕਿਹਾ ਗਿਆ।

ਅਕਾਲ ਤਖ਼ਤ ਦੇ ਜਥੇਦਾਰ ਨੇ ਇਹ ਵੀ ਆਦੇਸ਼ ਦਿੱਤਾ ਹੈ ਕਿ ਇਹ ਆਗੂ ਅਪਣੇ ਅਸਤੀਫ਼ਿਆਂ ਨੂੰ ਜਮ੍ਹਾਂ ਕਰਾਉਣਗੇ, ਜੋ ਮਨਜ਼ੂਰ ਕਰਕੇ ਅਕਾਲ ਤਖਤ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਆਗੂ ਆਪਣੀਆਂ ਜ਼ਿਮੇਵਾਰੀਆਂ ਨਿਭਾਉਣੋਂ ਅਸਮਰਥ ਕਰਕੇ ਅੱਗੇ ਲਈ ਅਗਵਾਈ ਦੇ ਅਯੋਗ ਹਨ। ਇਸ ਲਈ ਯੋਗ ਆਗੂ ਚੋਣ ਲਈ ਤੇ ਮਿਟਦੇ ਜਾ rhy ਅਕਾਲੀ ਦਲ ਵਿੱਚ ਨਵੀਂ ਰੂਹ ਭਰਨ ਲਈ ਨਵੀਆਂ ਭਰਤੀਆਂ ਕੀਤੀਆ ਜਾਣ ਜੋ ਸੱਤ ਮੈਂਬਰੀ ਕਮੇਟੀ ਦੇ ਅਧੀਨ ਕੀਤੀਆਂ ਜਾਣਗੀਆਂ। ਇਸ ਨਵੀਂ ਭਰਤੀ ਪਿੱਛੋਂ ਨਵੇਂ ਆਗੂਆਂ ਦੀ ਚੋਣ ਕੀਤੀ ਜਾਵੇ । ਇਸ ਲਈ ਅਕਾਲ ਤਖਤ ਵਲੋਂ ਸੱਤ ਮੈਂਬਰੀ ਕਮੇਟੀ ਵੀ ਨਿਯੁਕਤ ਕੀਤੀ ਗਈ।

ਤਨਖਾਹ ਦੇ ਮਹੱਤਵਪੂਰਨ ਤੱਤਾਂ ਵਿੱਚੋਂ ਇੱਕ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਡਸਾ ਨੇ ਸ੍ਰੀ ਦਰਬਾਰ ਸਾਹਿਬ ਅਤੇ ਦੂਜੇ ਦੋ ਤਖਤ ਸਾਹਿਬਾਨ ਦੇ ਬਾਹਰ ਇੱਕ ਬਰਛਾ ਫੜਿਆ ਅਤੇ ਆਪਣੇ ਗਲੇ ਵਿੱਚ ਇੱਕ ਲੱਕੜ ਦੀ ਤਖ਼ਤੀ ਪਾਈ ਅਤੇ ਸੇਵਾਦਾਰਾਂ ਦੀ ਡਿਊਟੀ ਨਿਭਾਈ। ਹੋਰਨਾਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਦੁਪਹਿਰ 12 ਵਜੇ ਤੋਂ ਦੁਪਹਿਰ 1 ਵਜੇ ਤੱਕ ਬਾਥਰੂਮ ਸਾਫ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਨਹਾ ਕੇ ਲੰਗਰ ਵਿੱਚ ਸੇਵਾ ਕੀਤੀ।

ਬਿਕਰਮ ਸਿੰਘ ਮਜੀਠੀਆ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹੋਰਨਾਂ ਨੂੰ ਆਪਣੇ ਸਥਾਨਕ ਗੁਰਦੁਆਰਿਆਂ 'ਤੇ ਸੇਵਾ ਕੀਤੀ ਜਿਸ ਵਿੱਚ ਬਰਤਨ ਦੀ ਸਫਾਈ ਅਤੇ ਲੰਗਰ ਕੀਤੀ ਗਈ । ਧਾਰਮਿਕ ਨਿਰਦੇਸ਼ਾਂ ਦੇ ਇਕ ਹਿੱਸੇ ਵਜੋਂ, ਨੇਤਾਵਾਂ ਨੂੰ ਉਨ੍ਹਾਂ ਦੀਆਂ ਪਿਛਲੀਆਂ ਕਾਰਵਾਈਆਂ 'ਤੇ ਵਿਚਾਰ ਕਰਨ ਲਈ ਕਿਹਾ ।

ਲਗਭਗ ਸਾਰੇ ਪੰਥ ਨੇ ਵੀ ਇਹ ਹੁਕਮਨਾਮਾ ਸਵੀਕਾਰ ਕੀਤਾ ਭਾਵੇਂ ਕਿ ਕੁਝ ਸਿੱਖ ਸੰਸਥਾਵਾਂ ਇਨ੍ਹਾਂ ਲਈ ਹੋਰ ਸਖਤ ਸਜ਼ਾਵਾਂ ਚਾਹੁੰਦੀਆਂ ਸਨ। ਅਕਾਲੀ ਦਲ ਦੇ ਨੇਤਾਵਾਂ ਨੇ ਧਾਰਮਿਕ ਸਜ਼ਾਵਾਂ ਤਾਂ ਪੂਰੀਆਂ ਕੀਤੀਆਂ ਪਰ ਮੁਕਤਸਰ ਸਾਹਿਬ ਵਿੱਚ ਮਾਘੀ ਦੇ ਮੇਲੇ ਦੇ ਇਕੱਠ ਵਿੱਚ ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਕਿ ਉਹਨਾਂ ਨੇ ਪੰਥ ਵਿੱਚ ਹੋਰ ਕੋਈ ਗੰਭੀਰ ਸੰਕਟ ਤੋਂ ਰੋਕਣ ਅਤੇ ਪੰਥ ਨੂੰ ਇਕੱਠਾ ਕਰਨ ਲਈ ਹੀ ਸਾਰੀਆਂ ਗਲਤੀਆਂ ਨੂੰ ਆਪਣੀ ਝੋਲੀ ਪਾ ਲਿਆ ਭਾਵੇਂ ਕਿ ਉਹ ਇਹਨਾਂ ਸਾਰੀਆਂ ਗਲਤੀਆਂ ਲਈ ਜ਼ਿੰਮੇਵਾਰ ਨਹੀਂ ਹਨ। ਇਸ ਤਰ੍ਹਾਂ ਉਹ ਅਕਾਲ ਤਖਤ ਉੱਤੇ ਸਾਰੇ ਮੰਨੇ ਗਏ ਸਾਰੇ ਅਪਰਾਧਾਂ ਨੂੰ ਸਵੀਕਾਰ ਕਰਨ ਤੋਂ ਇਨਕਾਰੀ ਹੋ ਗਏ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਦਾ ਸਨਮਾਨ ਵਾਪਿਸ ਲੈਣ ਦੇ ਵਿਰੋਧ ਵਿਚ ਇਸ ਉਤੇ ਅਕਾਲ ਤਖਤ ਵਲੋਂ ਮੁੜ ਵਿਚਾਰ ਕਰਨ ਤੇ ਜ਼ੋਰ ਦੇ ਰਹੇ ਸਨ। ਇਸ ਪਿੱਛੋਂ ਉਹਨਾਂ ਨੇ ਅਕਾਲੀ ਦਲ ਵਿੱਚ ਭਰਤੀ ਸ਼ੁਰੂ ਕਰ ਦਿੱਤੀ ਜੋ ਸੱਤ ਮੈਂਬਰੀ ਕਮੇਟੀ ਦੇ ਸਹਿਯੋਗ ਨਾਲ ਨਹੀਂ ਪਰ ਆਪਣੇ ਐਗਜ਼ੈਕਟਿਵ ਕਮੇਟੀ ਦੇ ਅਧੀਨ ਹੀ ਕੀਤੀ ਗਈ ਜੋ ਹੁਕਮਨਾਮੇ ਦੀ ਘੋਰ ਉਲੰਘਣਾ ਸੀ। ਸੱਤ ਮੈਂਬਰੀ ਟੀਮ ਰਾਹੀਂ ਭਰਤੀ ਕਰਵਾਏੇ ਜਾਣ ਦੀ ਥਾਂ ਅਯੋਗ ਕਰਾਰ ਦਿਤੇ ਗਏ ਨੇਤਾਵਾਂ ਨੇ ਅਪਣੇ ਹੀ ਆਦੇਸ਼ਾਂ ਰਾਹੀ ਭਰਤੀ ਕਰਨੀ ਹੁਕਮਨਾਮੇ ਦੀਆਂ ਘੋਰ ਉਲੰਘਣਾਵਾਂ ਹਨ। ਹੋਰ ਤਾਂ ਹੋਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਤੋਂ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂ ਬਰਖਾਸਤ ਕਰ ਦਿੱਤਾ। ਇਸ ਦੋਗਲੇ ਪਣ ਨੇ ਪੰਥ ਵਿੱਚ ਬਹੁਤ ਵੱਡਾ ਸੰਕਟ ਖੜਾ ਕਰ ਦਿੱਤਾ ਹੈ।

ਸੱਤ ਮੈਂਬਰ ਟੀਮ ਦੀਆਂ ਮੀਟਿੰਗਾਂ ਤਾਂ ਹੋਈਆਂ ਪਰ ਅਕਾਲੀ ਦਲ ਵਲੋਂ ਭਰਤੀ ਲਈ ਸਹਿਯੋਗ ਨਾ ਦਿਤੇ ਜਾਣ ਕਰਕੇ ਸਰਦਾਰ ਕਿਰਪਾਲ ਸਿੰਘ ਬਡੂੰਗਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਮੇਟੀ ਦੀ ਮੈਂਬਰੀ ਤੋਂ ਅਸਤੀਫਾ ਦੇ ਦਿਤਾ। ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਹੁਕਮਨਾਮੇ ਨੂੰ ਪੂਰਨ ਤੌਰ ਤੇ ਮੰਨਵਾਉਣ ਲਈ ਅੜਿਗ ਰਹੇ ਭਾਵੇਂ ਉਨ੍ਹਾਂ ਉਤੇ ਬਾਦਲ ਗ੍ਰੁਪ ਵਲੋਂ ਬਹੁਤ ਦਬਾ ਵੀ ਪਾਇਆ ਗਿਆ ਅਤੇ ਧਮਕੀਆਂ ਵੀ ਦਿਤੀਆਂ ਗਈਆਂ।ਜਥੇਦਾਰ ਸਾਹਿਬ ਦੇ ਆਦੇਸ਼ ਅਨੁਸਾਰ ਬਾਕੀ ਪੰਜ ਮੈਂਬਰਾਂ ਨੇ 18 ਮਾਰਚ ਤੋਂ ਭਰਤੀ ਕਰਨ ਦਾ ਐਲਾਨ ਕਰ ਦਿਤਾ ਤੇ ਅਕਾਲੀ ਦਲ ਦੀ ਕੀਤੀ ਗਈ ਭਰਤੀ ਨੂੰ ਨਾ ਮਨਜ਼ੂਰ ਕਰ ਦਿਤਾ ਜਿਸਤੋਂ ਬੌਖਲਾਈ ਬਾਦਲ ਟੀਮ ਨੇ ਅੰਤਰੰਗ ਕਮੇਟੀ ਰਾਹੀਂ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਨੂੰ ਅਕਾਲ ਤਖਤ ਦੀ ਜਥੇਦਾਰੀ ਤੋਂ ਲਾਹ ਕੇ ਦਰਬਾਰ ਸਾਹਿਬ ਦੇ ਅਹੁਦੇ ਲਾ ਦਿਤਾ ਤੇ ਗਿਆਨੀ ਸੁਲਤਾਨ ਸਿੰਘ ਤੋਂ ਵੀ ਜਥੇਦਾਰੀ ਦੀ ਪਦਵੀ ਲੈ ਲਈ ਤੇ ਦੋ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਬਾਬਾ ਟੇਕ ਸਿੰਘ ਧਨੌਲਾ ਲਾ ਦਿਤੇ ਜਿਨ੍ਹਾਂ ਨੂੰ ਬਿਨਾ ਪੂਰੀ ਮਰਯਾਦਾ ਦੇ ਪਦ ਸੰਭਾਲੇ ਗਏ।
ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਬੇਤੁਕੇ, ਬੇਅਸੂਲੇ, ਬੇਅਸੂਲੇ ਐਕਸ਼ਨਾਂ ਤੋਂ ਸਾਰਾ ਪੰਥ ਰੋਹ ਵਿੱਚ ਆ ਗਿਆ ਹੈ ਤੇ ਹੁਕਮਨਾਮੇ ਦੀ ਉਲੰਘਣਾ ਅਤੇ ਜਥੇਦਾਰ ਸਾਹਿਬਾਨ ਨੂੰ ਹਟਾਏ ਜਾਣ ਤੇ ਗੰਭੀਰ ਮਸਲਿਆਂ ਬਾਰੇ ਸਵਾਲ ਉੱਠੇ ਹਨ। ਸਮੁਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਅਤੇ ਟਕਸਾਲ ਮੁੱਖੀ ਧੁੰਮਾ ਨੇ ਇਨ੍ਹਾਂ ਨਵੇਂ ਜਥੇਦਾਰਾਂ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ ਹੈ ਅਤੇ ਕੁੱਝ ਪਿੰਡਾਂ ਵਿੱਚ ਹੁਕਮਨਾਮੇ ਦੀ ਉਲੰਘਣਾ ਕਰਨ ਵਾਲਿਆਂ ਦੇ ਪੁਤਲੇ ਵੀ ਫੂਕੇ ਗਏ ਹਨ ਅਤੇ ਨਾਹਰੇਬਾਜ਼ੀ ਵੀ ਹੋਈ ਹੈ। ਮਜੀਠੀਆਂ ਵਰਗੇ ਕਈ ਵੱਡੇ ਅਕਾਲੀ ਆਗੂਆਂ ਨੇ ਵੀ ਇਸ ਦਾ ਸਖਤ ਵਿਰੋਧ ਕੀਤਾ ਹੈ। ਇਸ ਤਰ੍ਹਾਂ ਪੰਥ ਵਿੱਚ ਸੰਕਟ ਹੋਰ ਵਧ ਗਿਆ ਹੈ ਅਤੇ ਉੱਠੇ ਮਸਲਿਆਂ ਨੂੰ ਗੰਭੀਰਤਾ ਨਾਲ ਸੋਚਣਾ ਵਿਚਾਰਨਾ ਬਹੁਤ ਜ਼ਰੂਰੀ ਹੈ।

2 ਦਿਸੰਬਰ 2024 ਨੂੰ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਐਲਾਨੇ ਹੁਕਮਨਾਮੇ ਪਿੱਛੋਂ ਉਠੇ ਇਹ ਗੰਭੀਰ ਮਸਲੇ ਕੀ ਹਨ?

1. ਕੀ ਸਿੱਖ ਕੌਮ ਠੀਕ ਹੱਥਾਂ ਵਿੱਚ ਹੈ?

2. ਕੀ ਜਥੇਦਾਰ ਸਾਹਿਬਾਨ ਦਾ ਹਟਾਇਆ ਜਾਣਾ ਜਾਇਜ਼ ਹੈ?

3. ਕੀ ਜਥੇਦਾਰ ਸਾਹਿਬਾਨ ਵਲੋਂ ਐਲਾਨੀਆਂ ਤਨਖਾਹੀਏ ਅਤੇ ਉਨ੍ਹਾਂ ਨੂੰ ਦਿਤੀਆਂ ਤਨਖਾਹਾਂ ਠੀਕ ਸਨ?

4. ਕੀ ਇਨਾਂ ਤਨਖਾਹਾਂ ਨੂੰ ਪੂਰੀ ਤਰ੍ਹਾਂ ਨਿਭਾਇਆ ਗਿਆ?

5. ਕੀ ਕੀ ਤਨਖਾਹਾਂ ਨਿਭਾਉਣੀਆਂ ਬਾਕੀ ਹਨ, ਇਨ੍ਹਾਂ ਤਨਖਾਹਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਕੀ ਕੀਤਾ ਜਾਵੇ?

6. ਜੋ ਤਨਖਾਹੀਏ ਤਨਖਾਹ ਨਹੀ ਨਿਭਾਉਂਦੇ ਉਹਨਾਂ ਪ੍ਰਤੀ ਕੀ ਕੀਤਾ ਜਾਵੇ?

7. ਜੋ ਲੀਡਰ ਜਥੇਦਾਰ ਸਾਹਿਬ ਵੱਲੋਂ ਅਯੋਗ ਕਰਾ ਦਿੱਤੇ ਗਏ ਹਨ ਉਹਨਾਂ ਪ੍ਰਤੀ ਕੀ ਕੀਤਾ ਜਾਵੇ?

8. ਅਕਾਲੀ ਦਲ ਵਿੱਚ ਨਵੀਂ ਰੂਹ ਭਰਨ ਲਈ ਕੀ ਕੀ ਕੀਤਾ ਜਾਵੇ?

9. ਨਵੀਂ ਭਰਤੀ ਕਰਨ ਲਈ ਕੀ ਕੀ ਉਪਰਾਲੇ ਕੀਤੇ ਜਾਣ?

10. ਪੰਥ ਦੇ ਨਵੇਂ ਲੀਡਰਾਂ ਦੀ ਚੋਣ ਕਿਵੇਂ ਕੀਤੀ ਜਾਵੇ?

11. ਕੀ ਜਥੇਦਾਰ ਸਾਹਿਬ ਦੀਆਂ ਨਿਯੁਕਤੀਆਂ, ਜ਼ਿਮੇਵਾਰੀਆਂ ਤੇ ਬਰਖਾਸਤਗੀਆਂ ਬਾਰੇ ਨਿਯਮ ਬਣਾਉਣ ਦੀ ਲੋੜ ਨਹੀਂ?

ਸੁਖਬੀਰ ਸਿੰਘ ਬਾਦਲ ਕਈ ਵਰਿਆਂ ਤੋਂ ਅਕਾਲੀ ਦਲ ਦੀ ਪ੍ਰਧਾਨਤਾ ਕਰ ਰਹੇ ਹਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਕੰਟਰੋਲ ਉਹਨਾਂ ਦੇ ਹੱਥ ਵਿੱਚ ਰਿਹਾ ਹੈ। ਉਹਨਾਂ ਦੀਆਂ ਉਪਰੋਕਤ ਗਲਤੀਆਂ ਕਾਰਨ ਸਿੱਖ ਪੰਥ ਦਾ ਉਹਨਾਂ ਤੋਂ ਵਿਸ਼ਵਾਸ ਘਟਦਾ ਗਿਆ ਹੈ। ਇਸੇ ਕਰਕੇ ਹੀ ਉਹ ਵੋਟਾਂ ਦੇ ਵਿੱਚੋਂ ਲਗਾਤਾਰ ਹਾਰਦੇ ਆ ਰਹੇ ਹਨ। ਉਨ੍ਹਾਂ ਨੇ ਅਕਾਲ ਤਖਤ ਸਾਹਿਬ ਅੱਗੇ ਅਪਣੇ ਅਪਰਾਧ ਕਬੂਲੇ ਹਨ ਇਸ ਲਈ ਅਕਾਲ ਤਖਤ ਸਾਹਿਬ ਦੇ ਮਹਿਸੂਸ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਨੂੰ ਚਲਾਉਣ ਵਾਲੇ ਇਹਨਾਂ ਲੀਡਰਾਂ ਦੀ ਕਾਰਗੁਜ਼ਾਰੀ ਪੰਥ ਹਿੱਤਾਂ ਵਿੱਚ ਨਹੀਂ ਸੀ ਤੇ ਇਹ ਆਪਣੀ ਜਿੰਮੇਦਾਰੀ ਨਿਭਾਉਣ ਦੇ ਯੋਗ ਰਹੇ ਕਿਸੇ ਲਈ ਇਹਨਾਂ ਯੋਗ ਲੀਡਰਾਂ ਨੂੰ ਅਸਤੀਫੇ ਦੇਣੇ ਜਰੂਰੀ ਹਨ। ਅਕਾਲੀ ਦਲ ਵੀ ਪਿਛਲੀਆਂ ਕਈ ਚੋਣਾਂ ਵਿੱਚ ਬਹੁਤ ਹੀ ਨੀਵੇਂ ਪੱਧਰ ਤੇ ਆ ਗਿਆ ਹੈ ਜੋ ਕਮਜ਼ੋਰ ਅਗਵਾਈ ਕਰਕੇ ਹੀ ਹੈ ਇਸ ਲਈ ਨਵੇਂ ਆਗੂਆਂ ਦਾ ਅੱਗੇ ਆਉਣਾ ਜ਼ਰੂਰੀ ਹੈ ਜੋ ਅਕਾਲੀ ਦਲ ਨੂੰ ਮੁੜ ਚੜ੍ਹਦੀਆਂ ਕਲਾਂ ਵਿਚ ਲੈ ਜਾ ਸਕੇ। ਆਲੀ ਦਲ ਵਿਚ ਨਵੀਨ ਰੂਹ ਲਿਆਉਣ ਲਈ ਨਿਰਪਖ ਜਥੇਬੰਦੀ ਰਾਹੀਂ ਨਵੀਂ ਭਰਤੀ ਕਰਵਾਈ ਜਾਣੀ ਚਾਹੀਦੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਵੇਲੇ ਤੋਂ ਹੀ ਇਹਨਾਂ ਗੱਲਾਂ ਦਾ ਧਿਆਨ ਨਹੀਂ ਰੱਖਿਆ ਗਿਆ ਤੇ ਕਈ ਇਹੋ ਜਿਹੇ ਕਾਰਜ ਕੀਤੇ ਗਏ ਜੋ ਪੰਥ ਦੇ ਹਿੱਤ ਵਿੱਚ ਨਹੀਂ ਸਨ| ਉਹਨਾਂ ਸਭ ਨੂੰ ਵੇਖਦੇ ਹੋਏ ਉਹਨਾਂ ਤੋਂ ਫਖਰੇ ਕੌਮ ਦਾ ਸਨਮਾਨ ਵਾਪਸ ਲਿਆ ਜਾਂਦਾ ਹੈ ।

ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਰਘਬੀਰ ਸਿੰਘ ਜੀ, ਦਮਦਮਾ ਸਾਹਿਬ ਦੇ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ ਤੇ ਕੇਸਗੜ੍ਹ ਦੇ ਜਥੇਦਾਰ ਸਰਦਾਰ ਜਥੇਦਾਰ ਸੁਲਤਾਨ ਸਿੰਘ ਜੀ ਵਿਰੁੱਧ ਝੂਠੀ ਇਲਜ਼ਾਮ ਤਰਾਸ਼ੀ ਕਰਕੇ ਹਟਾਉਣਾ ਸਰਾਸਰ ਗਲਤ ਹੈ ਜਿਸ ਨਾਲ ਸਿੱਖ ਕੌਮ ਦੀ ਸਰਵੋਤਮ ਸੰਸਥਾ ਨੂੰ ਢਾਅ ਲਾਈ ਗਈ ਹੈ । ਜਥੇਦਾਰ ਪੰਥ ਦੀ ਸਰਵੋਤਮ ਸ਼ਖਸ਼ੀਅਤ ਹਨ ਤੇ ਉਹਨਾਂ ਦਾ ਇਸ ਤਰਾਂ ਨਿਰਾਦਰ ਸਮੁੱਚੇ ਪੰਥ ਲਈ ਅਸਹਿ ਹੈ। ਉਹਨਾਂ ਦੀ ਮੁੜ ਬਹਾਲੀ ਨਾਲ ਹੀ ਇਸ ਇਸ ਮਹਾਨ ਅਹੁਦੇ ਦਾ ਸਤਿਕਾਰ ਤੇ ਵਕਾਰ ਬਹਾਲ ਹੋ ਸਕਦਾ ਹੈ।

ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਤੇ ਉਨਾਂ ਦੀ ਕੈਬਿਨੇਟ ਦੀ ਸ਼ਮੂਲੀਅਤ ਸਿੱਖ ਕਦਰਾਂ ਕੀਮਤਾਂ ਦਾ ਬੁਰੀ ਤਰ੍ਹਾਂ ਘਾਣ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿੱਚ ਲਗਾਤਾਰ ਹੋ ਰਹੀ ਬੇਅਦਬੀ ਨੂੰ ਨਾ ਰੋਕਣ, ਸਿੱਖ ਪੰਥ ਦੇ ਵਿਰੋਧੀ ਸੱਚੇ ਸੌਦੇ ਨੂੰ ਪੁਸ਼ਤ ਪਨਾਹ ਦੇਣ, ਜਾਲਮ ਅਫਸਰਾਂ ਨੂੰ ਉੱਚੇ ਅਹੁਦੇ ਤੇ ਲਾਉਣ ਤੇ ਤਰੱਕੀਆਂ ਦੇਣ ਵਰਗੇ ਅਪਰਾਧਾਂ ਨੇ ਪੰਥ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ । ਸੁਖਬੀਰ ਸਿੰਘ ਬਾਦਲ ਅਤੇ ਉਸਦੇ ਮੰਤਰੀਆਂ ਨੇ ਆਪਣੇ ਅਪਰਾਧ ਅਕਾਲ ਤਖਤ ਤੇ ਬੇਨਤੀਆਂ ਕਰਦੇ ਸਮੇਂ ਕਬੂਲੇ ਹਨ ਜਿਸ ਕਰਕੇ ਹੀ ਪੰਜ ਸਿੰਘ ਸਾਹਿਬਾਨ ਨੇ ਉਹਨਾਂ ਨੂੰ ਤਨਖਾਹ ਦਿੱਤੀ ਤੇ ਪੰਥ ਦੀ ਅਗਵਾਈ ਦੇ ਅਯੋਗ ਸਮਝਿਆ ਤੇ ਅਸਤੀਫੇ ਦੇਣ ਲਈ ਕਿਹਾ ਤੇ ਅਕਾਲੀ ਦਲ ਦਾ ਸਿੱਖ ਸੰਗਤ ਵਿੱਚ ਘਟਦਾ ਵਿਕਾਰ ਉੱਚਾ ਕਰਨ ਅਤੇ ਮੁੜ ਸੰਜੀਵ ਕਰਨ ਲਈ ਨਵੇਂ ਸਿਰੇ ਤੋਂ ਸੱਤ ਮੈਂਬਰ ਕਮੇਟੀ ਤੇ ਨਿਯੁਕਤ ਕੀਤੀ ਭਾਵੇਂ ਬਾਕੀ ਧਾਰਮਿਕ ਸਜ਼ਾਵਾਂ ਤਾਂ ਇਹਨਾਂ ਅਹੁਦੇਦਾਰਾਂ ਨੇ ਨਿਭਾ ਦਿੱਤੀਆਂ ਪਰ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਨਾ ਦਿੱਤੀ ਤੇ ਨਵੀਂ ਭਰਤੀ ਦੇ ਵਿਰੁੱਧ ਆਪਣੀ ਭਾਤੀ ਸ਼ੁਰੂ ਕਰ ਦਿੱਤੀ ਜੋ ਹੁਕਮਨਾਮੇ ਦੀ ਸਾਫ ਉਲੰਘਣਾ ਸੀ ।

ਜਦ ਸਿੰਘ ਸਾਹਿਬਾਨ ਨੇ ਇਸ ਭਰਤੀ ਦਾ ਵਿਰੋਧ ਕੀਤਾ ਤੇ ਸੱਤ ਮੈਂਬਰੀ ਕਮੇਟੀ ਨੂੰ ਅੱਗੇ ਭਰਤੀ ਕਰਨ ਲਈ ਕਿਹਾ ਤਾਂ ਇਹਨਾਂ ਨੇ ਬਦਲੇ ਵਿੱਚ ਤਿੰਨਾਂ ਸਿੰਘ ਸਾਹਿਬਾਂ ਨੂੰ ਮੁਅਤਲ ਕਰ ਦਿੱਤਾ| ਇਹ ਪੰਥ ਲਈ ਨਾ ਸਹਿਣ ਯੋਗ ਸੀ ਜਿਸ ਕਰਕੇ ਸਾਰਾ ਪੰਥ ਹੁਣ ਪੂਰੇ ਗੁੱਸੇ ਵਿੱਚ ਹੈ ਤੇ ਚਾਹੁੰਦਾ ਹੈ ਕਿ ਇਸ ਸਥਿਤੀ ਨੂੰ ਬਦਲਿਆ ਜਾਵੇ|

ਜੋ ਜੋ ਤਨਖਾਹਾਂ ਅਜੇ ਨਿਭਾਉਣੀਆਂ ਬਾਕੀ ਹਨ ਉਹ ਹਨ 1. ਅਯੋਗ ਲੀਡਰਸ਼ਿਪ ਨੂੰ ਲਾਂਭੇ ਕਰਨਾ 2. ਅਕਾਲੀ ਦਲ ਵਿੱਚ ਨਵੀਂ ਭਰਤੀ ਕਰਕੇ ਨਵੀਂ ਰੂਹ ਭਰਨਾ 3. ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨਵੀਂ ਯੋਗ ਲੀਡਰਸ਼ਿਪ ਲਿਆਉਣਾ 4. ਲਾਂਭੇ ਕੀਤੇ ਗਏ ਜਥੇਦਾਰ ਸਾਹਿਬਾਨ ਨੂੰ ਦੁਬਾਰਾ ਬਹਾਲ ਕਰਨ 5. ਨਵੀਂ ਅਕਾਲੀ ਦਲ ਲਈ ਪੰਜ ਮੈਂਬਰੀ ਕਮੇਟੀ ਨੂੰ ਜ਼ਿੰਮੇਦਾਰੀ ਨਿਭਾਉਣ ਲਈ ਉਸ ਦਾ ਪੂਰਾ ਸਹਿਯੋਗ ਦੇਣਾ 6. ਸ਼੍ਰੋਮਣੀ ਕਮੇਟੀ ਦੀਆਂ ਨਵੀਆਂ ਚੋਣਾਂ ਲਈ ਕੇਂਦਰ ਸਰਕਾਰ ਤੇ ਦਬਾਅ ਪਾਉਣਾ 7. ਹੁਣ ਦੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਖਾਸ ਕਰਕੇ ਅੰਤਰੰਗ ਕਮੇਟੀ ਦੇ ਮੈਂਬਰਾਂ ਨੂੰ ਕੋਈ ਹੋਰ ਅਯੋਗ ਕੰਮ ਕਰਨ ਤੋਂ ਰੋਕਣ ਲਈ ਅਤੇ ਉਨ੍ਹਾ ਦੇ ਗਲਤ ਕੀਤੇ ਦੀ ਸਜ਼ਾ ਭੁਗਤਾਉਣ ਲਈ ਉਹਨਾਂ ਮੈਂਬਰਾਂ ਦੇ ਘਰਾਂ ਤੇ ਅੱਗੇ ਧਰਨੇ ਦੇਣਾ 8. ਇਸ ਸਭ ਨੂੰ ਕਰਨ ਲਈ ਪੰਥਕ ਇਕੱਠ ਬੁਲਾਉਣਾ 9. ਜੱਥੇਦਾਰ ਸਾਹਿਬਾਨ ਦੀ ਨਿਯੁਕਤੀ, ਕਾਰਜਸ਼ੈਲੀ ਅਤੇ ਹਟਾਉਣ ਅਤੇ ਸਿਆਸੀ ਪ੍ਰਭਾਵ ਤੋਂ ਬਾਹਰ ਰੱਖਣ ਲਈ ਨਿਯਮ ਸਥਾਪਿਤ ਕਰਨੇ ।

ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਅਹੁਦਾ ਸੰਭਾਲਦੇ ਸਾਰ ਆਪਣੇ ਪਹਿਲੇ ਹੁਕਮਨਾਮੇ ਨੰਬਰ 219 ਏ ਟੀ ਮਿਤੀ 29-3-2000 ਰਾਹੀਂ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ। ਪਹਿਲਾਂ ਜਲਦੀ ਤੋਂ ਜਲਦੀ ਗੁਰਮਤ ਸੋਚ ਵਾਲੇ ਮਾਹਰਾਂ ਦੀ ਕਮੇਟੀ ਦੀ ਸਥਾਪਨਾ ਕਰਕੇ ਤਖਤ ਸਾਹਿਬਾਨ ਦੇ ਜਥੇਦਾਰ ਤੇ ਮੌਕੇ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ ਜਿਵੇਂ ਨਿਯੁਕਤੀ ਲਈ ਯੋਗਤਾਵਾਂ, ਉਹਨਾਂ ਦਾ ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ ਅਤੇ ਜ਼ਿੰਮੇਵਾਰੀਆਂ, ਸੇਵਾ ਮੁਕਤੀ ਆੀਦ ਦੇ ਨਿਯਮ ਨਿਰਧਾਰਿਤ ਕੀਤੇ ਜਾਣ । ਇਸਦੇ ਇਸ ਦੇ ਨਾਲ ਹੀ ਸਮੇਂ ਸਮੇਂ ਪੇਸ਼ ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦਾ ਸੰਵਿਧਾਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪਸ਼ਟ ਵਿਧੀ ਵਿਧਾਨ ਸੁਨਿਸ਼ਚਿਤ ਕੀਤਾ ਜਾਵੇ। ਤਾਂ ਜੋ ਭਵਿੱਖ ਵਿੱਚ ਕਿਸੇ ਵੱਲੋਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਨਿੱਜੀ ਜਾਂ ਰਾਜਨੀਤਿਕ ਹਿੱਤਾਂ ਲਈ ਵਰਤੋਂ ਦੀ ਸੰਭਾਵਨਾ ਨਾ ਹੋ ਸਕੇ ਅਤੇ ਖਾਲਸਾ ਪੰਥ ਵਿੱਚ ਸ੍ਰੀ ਅਕਾਲ ਤਖਤ ਤੇ ਸਮੇਂ-ਸਮੇਂ ਜਾਰੀ ਕੀਤੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ ਕਾਇਮ ਰਹੇ ।

ਗੁਰਦੁਆਰਾ ਐਕਟ ਨੂੰ ਬਣਿਆ ਪੌਣੀ ਸਦੀ ਬੀਤ ਚੁੱਕੀ ਹੈ । ਸਮੇਂ ਦੀ ਪਰਬਲ ਲੋੜ ਹੈ ਕਿ ਗੁਰਦੁਆਰਾ ਪ੍ਰਬੰਧ ਨੂੰ ਪੰਥ ਯੁਕਤ ਦੇ ਅਨੁਸਾਰੀ ਬਣਾਉਣ ਲਈ ਇਸ ਐਕਟ ਅਧੀਨ ਬੀਤੇ ਸਮੇਂ ਵਿੱਚ ਹੋਈ ਲਾਭ ਹਾਨੀ ਦਾ ਜੋ ਲੇਖਾ ਜੋਖਾ ਕੀਤਾ ਜਾਵੇ ਅਤੇ ਐਕਟ ਵਿੱਚ ਪੰਥ ਹਿਤਾਂ ਤੋਂ ਉਲਟ ਜੇ ਕੋਈ ਧਾਰਾ ਹੈ ਤਾਂ ਉਸਦੀ ਸੋਧ ਲਈ ਉਪਰਾਲਾ ਕੀਤਾ ਜਾਵੇ।ਗੁਰਦੁਆਰਾ ਪ੍ਰਬੰਧ ਨੂੰ ਸਿਆਸਤ ਦੀ ਕੁਟੱਲਤਾ ਦੇ ਪ੍ਰਭਾਵ ਤੋਂ ਪਾਕ ਰੱਖਣ ਨੂੰ ਯਕੀਨੀ ਬਣਾਇਆ ਜਾਵੇ ।

ਲੋੜ ਹੈ ਕਿ ਰਾਜਨੀਤਿਕ ਪਾਰਟੀਆਂ ਤੋਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਵਾਈ ਜਾਵੇ । ਜਥੇਦਾਰ ਸਾਹਿਬਾਨ ਦੀ ਚੋਣ ਲਈ ਇੱਕ ਇਹੋ ਜਿਹੀ ਕਮੇਟੀ ਬਣਾਈ ਜਾਵੇ ਜੋ ਨਿਰਪੱਖ, ਗੁਰਮੁਖ, ਗੁਰਸਿੱਖ, ਦੂਰਅੰਦੇਸ਼, ਗੁਣੀ ਗਿਆਨੀ ਹੋਣ । ਲਾਉਣ,ਹਟਾਉਣ ਤੇ ਜਿੰਮੇਵਾਰੀ ਨਿਭਾਉਣ ਲਈ ਹੁਕਮਨਾਮਾ ਨੰਬਰ 219 ਅਠ.00 ਮਿਤੀ 29.3.2000 ਦਾ ਹੂ ਬ ਹੂ ਅਮਲ ਕਰਵਾਉਣ ਲਈ ਪਾਬੰਦ ਹੋਣ । ਸ਼੍ਰੋਮਣੀ ਕਮੇਟੀ ਹੀ ਨਹੀਂ ਸਗੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਮੰਨਣ ਵਾਲੀਆਂ ਸਮੂਹ ਪੰਥਕ ਜਥੇਬੰਦੀਆਂ ਤੇ ਦੇਸ਼ ਵਿਦੇਸ਼ ਦੀਆਂ ਚੁਣੀਆਂ ਹੋਈਆਂ ਗੁਰਦੁਆਰਾ ਕਮੇਟੀਆਂ ਦੇ ਅਧਿਕਾਰੀ ਵੀ ਇਸ ਵਿਸ ਸ਼ਾਮਿਲ ਹੋਣ । ਫੈਸਲੇ ਕਰਨ ਦੀ ਕਾਰਜ ਵਿਧੀ ਵੀ ਪੁਰਾਤਨ ਦਲ ਖਾਲਸਾ ਸਮੇਂ ਵਾਲੀ ਅਪਣਾਈ ਜਾਣੀ ਚਾਹੀਦੀ ਹੈ।​
 
Top