Here is another shabad by Bhagat NAMDEV...I am interested in the BOLD RED COLOURED parts. Here namdev says..that ALL THOSE who WORSHIP the FEMALE DEVIS..maha mai, bhagauti, seetla devi, kalika devi, Chandi devi...Parbati etc etc WILL BE REBORN as WOMEN !! The Shabad is telling us that ..WE BECOME WHAT WE DHIYAH (PRAY TO>>LOVE.....so a person who prays to and loves Shiva will ride an ox....one who prays t and loves the seetla devi (smallpox devi ) will get sick with smallpox and ride a donkey...so MEN who worship and LOVE FEMALE DEVIS can hope to become FEMALES at best !! And the Bottom line is that the BEST to Love and Pary is NAAM of the CREATOR..becasue then we GET those CREATOR QUALITIES..(it would be ridiculous to say we will be REBORN as CREATOR !!..THATS the SPIRIT in which the shabad has to be read...we must pay attention to the Bottomline..the GURSIKHIYAH in namdev's bani that Guru ji wants us to LEARN FROM...
OTHERWISE with more than 800 BILLION HINDUS praying toa nd LOVING the FEMALE DEITIES....there should be way MORE FEMALES being REBORN...and there would have been a heavy imbalance IN FAVOUR of women in the world..BUT FACTS show OTHERWISE...
The rest of the page is also attached..becasue i felt bad to cut it out...so apologies..just enjoy the extra bani or fast forward... Jarnail Singh
ਗੋਂਡ ॥ ਮੋਹਿ ਲਾਗਤੀ ਤਾਲਾਬੇਲੀ ॥ ਬਛਰੇ ਬਿਨੁ ਗਾਇ ਅਕੇਲੀ ॥੧॥ ਪਾਨੀਆ ਬਿਨੁ ਮੀਨੁ ਤਲਫੈ ॥ ਐਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੧॥ ਰਹਾਉ ॥ਜੈਸੇ ਗਾਇ ਕਾ ਬਾਛਾ ਛੂਟਲਾ ॥ ਥਨ ਚੋਖਤਾ ਮਾਖਨੁ ਘੂਟਲਾ ॥੨॥ ਨਾਮਦੇਉ ਨਾਰਾਇਨੁ ਪਾਇਆ ॥ ਗੁਰੁ ਭੇਟਤ ਅਲਖੁ ਲਖਾਇਆ ॥੩॥ ਜੈਸੇ ਬਿਖੈ ਹੇਤ ਪਰ ਨਾਰੀ ॥ ਐਸੇ ਨਾਮੇ ਪ੍ਰੀਤਿ ਮੁਰਾਰੀ ॥੪॥ ਜੈਸੇ ਤਾਪਤੇ ਨਿਰਮਲ ਘਾਮਾ ॥ ਤੈਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੫॥੪॥ {ਪੰਨਾ 874}
ਪਦਅਰਥ: ਮੋਹਿ—ਮੈਨੂੰ। ਤਾਲਾਬੇਲੀ—ਤਿਲਮਿਲੀ, ਤਿਲਮਿਲਾਹਟ, ਤੜਫਣੀ}। ਗਾਇ—ਗਾਂ।੧।
ਮੀਨੁ—ਮੱਛੀ। ਤਲਫੈ—ਤੜਫਦੀ ਹੈ। ਬਾਪਰੋ—ਬਪੁਰਾ, ਵਿਚਾਰਾ, ਘਬਰਾਇਆ ਹੋਇਆ।੧।ਰਹਾਉ।
ਛੂਟਲਾ—ਕਿੱਲੇ ਨਾਲੋਂ ਖੁਲ੍ਹ ਜਾਂਦਾ ਹੈ। ਬਾਛਾ—ਵੱਛਾ। ਚੋਖਤਾ—ਚੁੰਘਦਾ ਹੈ। ਘੂਟਲਾ—ਘੁੱਟ ਭਰਦਾ ਹੈ।੨।
ਭੇਟਤ—ਮਿਲਦਿਆਂ ਹੀ। ਅਲਖੁ—ਜੋ ਲਖਿਆ ਨਾਹ ਜਾ ਸਕੇ, ਜਿਸ ਦੇ ਗੁਣਾਂ ਦਾ ਥਹੁ ਨਹੀਂ ਪੈ ਸਕਦਾ।੩।
ਬਿਖੈ ਹੇਤ—ਵਿਸ਼ੇ ਦੀ ਖ਼ਾਤਰ।੪।
ਤਾਪਤੇ—ਤਪਦੇ ਹਨ। ਨਿਰਮਲ—ਸਾਫ਼। ਘਾਮਾ—ਗਰਮੀ, ਧੁੱਪ।੫।
ਅਰਥ: ਜਿਵੇਂ ਵੱਛੇ ਤੋਂ ਵਿੱਛੜ ਕੇ ਇਕੱਲੀ ਗਾਂ (ਘਾਬਰਦੀ ਹੈ), ਤਿਵੇਂ ਮੈਨੂੰ (ਪ੍ਰਭੂ ਤੋਂ ਵਿਛੁੜ ਕੇ) ਤੜਫਣੀ ਲੱਗਦੀ ਹੈ।੧।
ਜਿਵੇਂ ਪਾਣੀ ਤੋਂ ਬਿਨਾ ਮੱਛੀ ਫੜਫਦੀ ਹੈ, ਤਿਵੇਂ ਮੈਂ ਨਾਮਦੇਵ ਪ੍ਰਭੂ ਦੇ ਨਾਮ ਤੋਂ ਬਿਨਾ ਘਾਬਰਦਾ ਹਾਂ।੧।ਰਹਾਉ।
ਜਿਵੇਂ (ਜਦੋਂ) ਗਾਂ ਦਾ ਵੱਛਾ ਕਿੱਲੇ ਨਾਲੋਂ ਖੁਲ੍ਹਦਾ ਹੈ ਤਾਂ (ਗਾਂ ਦੇ) ਥਣ ਚੁੰਘਦਾ ਹੈ, ਤੇ ਮੱਖਣ ਦੇ ਘੁੱਟ ਭਰਦਾ ਹੈ, ਤਿਵੇਂ ਜਦੋਂ ਮੈਨੂੰ ਨਾਮਦੇਵ ਨੂੰ ਸਤਿਗੁਰੂ ਮਿਲਿਆ, ਮੈਨੂੰ ਅਲੱਖ ਪ੍ਰਭੂ ਦੀ ਸੂਝ ਪੈ ਗਈ, ਮੈਨੂੰ ਰੱਬ ਮਿਲ ਪਿਆ।੨ ਤੇ ੩।
ਜਿਵੇਂ (ਵਿਸ਼ਈ ਨੂੰ) ਵਿਸ਼ੇ ਵਾਸਤੇ ਪਰਾਈ ਨਾਰ ਨਾਲ ਪਿਆਰ ਹੁੰਦਾ ਹੈ, ਮੈਨੂੰ ਨਾਮੇ ਨੂੰ ਪ੍ਰਭੂ ਨਾਲ ਪਿਆਰ ਹੈ।੪।
ਪ੍ਰਭੂ ਦੇ ਨਾਮ ਤੋਂ ਵਿੱਛੜ ਕੇ ਮੈਂ ਨਾਮਦੇਵ ਇਉਂ ਘਾਬਰਦਾ ਹਾਂ, ਜਿਵੇਂ ਚਮਕਦੀ ਧੁੱਪ ਵਿਚ (ਜੀਵ-ਜੰਤ) ਤਪਦੇ-ਲੁੱਛਦੇ ਹਨ।੫।੪।
ਭਾਵ: ਪ੍ਰੀਤ ਦਾ ਸਰੂਪ-ਵਿਛੋੜਾ ਅਸਹਿ ਹੁੰਦਾ ਹੈ।
ਰਾਗੁ ਗੋਂਡ ਬਾਣੀ ਨਾਮਦੇਉ ਜੀਉ ਕੀ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਹਰਿ ਹਰਿ ਕਰਤ ਮਿਟੇ ਸਭਿ ਭਰਮਾ ॥ ਹਰਿ ਕੋ ਨਾਮੁ ਲੈ ਊਤਮ ਧਰਮਾ ॥ ਹਰਿ ਹਰਿ ਕਰਤ ਜਾਤਿ ਕੁਲ ਹਰੀ ॥ ਸੋ ਹਰਿ ਅੰਧੁਲੇ ਕੀ ਲਾਕਰੀ ॥੧॥ ਹਰਏ ਨਮਸਤੇ ਹਰਏ ਨਮਹ ॥ ਹਰਿ ਹਰਿ ਕਰਤ ਨਹੀ ਦੁਖੁ ਜਮਹ ॥੧॥ ਰਹਾਉ ॥ ਹਰਿ ਹਰਨਾਕਸ ਹਰੇ ਪਰਾਨ ॥ ਅਜੈਮਲ ਕੀਓ ਬੈਕੁੰਠਹਿ ਥਾਨ ॥ ਸੂਆ ਪੜਾਵਤ ਗਨਿਕਾ ਤਰੀ ॥ ਸੋ ਹਰਿ ਨੈਨਹੁ ਕੀ ਪੂਤਰੀ ॥੨॥ ਹਰਿ ਹਰਿ ਕਰਤ ਪੂਤਨਾ ਤਰੀ ॥ ਬਾਲ ਘਾਤਨੀ ਕਪਟਹਿ ਭਰੀ ॥ ਸਿਮਰਨ ਦ੍ਰੋਪਦ ਸੁਤ ਉਧਰੀ ॥ ਗਊਤਮ ਸਤੀ ਸਿਲਾ ਨਿਸਤਰੀ ॥੩॥ ਕੇਸੀ ਕੰਸ ਮਥਨੁ ਜਿਨਿ ਕੀਆ ॥ ਜੀਅ ਦਾਨੁ ਕਾਲੀ ਕਉ ਦੀਆ ॥ ਪ੍ਰਣਵੈ ਨਾਮਾ ਐਸੋ ਹਰੀ ॥ ਜਾਸੁ ਜਪਤ ਭੈ ਅਪਦਾ ਟਰੀ ॥੪॥੧॥੫॥ {ਪੰਨਾ 874}
ਪਦਅਰਥ: ਹਰਿ ਹਰਿ ਕਰਤ—ਪ੍ਰਭੂ ਦਾ ਨਾਮ ਸਿਮਰਿਆਂ। ਭਰਮਾ—ਭਟਕਣਾ। ਲੈ ਨਾਮੁ—ਨਾਮ ਸਿਮਰ। ਊਤਮ—ਸਭ ਤੋਂ ਸ੍ਰੇਸ਼ਟ। ਹਰੀ—ਨਾਸ ਹੋ ਜਾਂਦੀ ਹੈ। ਲਾਕਰੀ—ਲੱਕੜੀ, ਟੋਹਣੀ, ਡੰਗੋਰੀ, ਆਸਰਾ।੧।
ਹਰਏ—ਹਰੀ ਨੂੰ (ਵੇਖੋ ਮੇਰੇ 'ਸੁਖਮਨੀ ਸਟੀਕ' ਵਿਚ ਲਫ਼ਜ਼ 'ਗੁਰਏ' ਦੀ ਵਿਆਖਿਆ)।੧।ਰਹਾਉ।
ਹਰੇ ਪਰਾਨ—ਜਾਨ ਲੈ ਲਈ, ਮਾਰਿਆ। ਥਾਨ—ਥਾਂ। ਸੂਆ—ਤੋਤਾ। ਗਨਿਕਾ—ਵੇਸਵਾ। ਪੂਤਰੀ—ਪੁਤਲੀ।੨।
ਪੂਤਨਾ—ਉਸ ਦਾਈ ਦਾ ਨਾਮ ਸੀ ਜਿਸ ਨੂੰ ਕੰਸ ਨੇ ਗੋਕਲ ਵਿਚ ਕ੍ਰਿਸ਼ਨ ਜੀ ਦੇ ਮਾਰਨ ਵਾਸਤੇ ਘੱਲਿਆ ਸੀ; ਇਹ ਥਣਾਂ ਨੂੰ ਜ਼ਹਿਰ ਲਾ ਕੇ ਗਈ; ਪਰ ਕ੍ਰਿਸ਼ਨ ਜੀ ਨੇ ਥਣ ਮੂੰਹ ਵਿਚ ਪਾ ਕੇ ਇਸ ਦੇ ਪ੍ਰਾਣ ਖਿੱਚ ਲਏ; ਆਖ਼ਰ ਮੁਕਤੀ ਭੀ ਦੇ ਦਿੱਤੀ। ਘਾਤਨੀ—ਮਾਰਨ ਵਾਲੀ। ਕਪਟ—ਧੋਖਾ, ਫ਼ਰੇਬ। ਦ੍ਰੋਪਦ ਸੁਤ—ਦ੍ਰੋਪਦ ਸੁਤਾ, ਰਾਜਾ ਦ੍ਰੋਪਦ ਦੀ ਧੀ, ਦ੍ਰੋਪਤੀ। ਸਤੀ—ਨੇਕ ਇਸਤ੍ਰੀ, ਜੋ ਆਪਣੇ ਪਤੀ ਦੇ ਸ੍ਰਾਪ ਨਾਲ ਸਿਲਾ ਬਣ ਗਈ ਸੀ, ਸ੍ਰੀ ਰਾਮ ਚੰਦਰ ਜੀ ਨੇ ਇਸ ਨੂੰ ਮੁਕਤ ਕੀਤਾ ਸੀ।੩।
ਕੇਸੀ—ਉਹ ਦੈਂਤ ਜਿਸ ਨੂੰ ਕੰਸ ਨੇ ਕ੍ਰਿਸ਼ਨ ਜੀ ਦੇ ਮਾਰਨ ਲਈ ਗੋਕਲ ਭੇਜਿਆ ਸੀ। ਮਥਨੁ—ਨਾਸ। ਜਿਨਿ—ਜਿਸ ਨੇ। ਕਾਲੀ—ਇਕ ਨਾਗ ਸੀ ਜਿਸ ਨੂੰ ਕ੍ਰਿਸ਼ਨ ਜੀ ਨੇ ਜਮਨਾ ਤੋਂ ਕੱਢਿਆ ਸੀ। ਜੀਅ ਦਾਨੁ—ਜਿੰਦ—ਬਖ਼ਸ਼ੀ। ਪ੍ਰਣਵੈ—ਬੇਨਤੀ ਕਰਦਾ ਹੈ। ਜਾਸੁ—ਜਿਸ ਨੂੰ। ਅਪਦਾ—ਮੁਸੀਬਤ। ਟਰੀ—ਟਲ ਜਾਂਦੀ ਹੈ।੪।
ਅਰਥ: ਮੇਰੀ ਉਸ ਪਰਮਾਤਮਾ ਨੂੰ ਨਮਸਕਾਰ ਹੈ, ਜਿਸ ਦਾ ਸਿਮਰਨ ਕੀਤਿਆਂ ਜਮਾਂ ਦਾ ਦੁੱਖ ਨਹੀਂ ਰਹਿੰਦਾ।੧।ਰਹਾਉ।
ਹਰਿ-ਨਾਮ ਸਿਮਰਿਆਂ ਸਭ ਭਟਕਣਾਂ ਦੂਰ ਹੋ ਜਾਂਦੀਆਂ ਹਨ; ਹੇ ਭਾਈ! ਨਾਮ ਸਿਮਰ, ਇਹੀ ਹੈ ਸਭ ਤੋਂ ਚੰਗਾ ਧਰਮ। ਨਾਮ ਸਿਮਰਿਆਂ (ਨੀਵੀਂ ਉੱਚੀ) ਜਾਤ ਕੁਲ ਦਾ ਵਿਤਕਰਾ ਦੂਰ ਹੋ ਜਾਂਦਾ ਹੈ। ਉਹ ਹਰਿ-ਨਾਮ ਹੀ ਮੈਂ ਅੰਨ੍ਹੇ ਦਾ ਆਸਰਾ ਹੈ।੧।
ਪ੍ਰਭੂ ਨੇ ਹਰਨਾਖਸ਼ (ਦੈਂਤ) ਨੂੰ ਮਾਰਿਆ, ਅਜਾਮਲ ਪਾਪੀ ਨੂੰ ਬੈਕੁੰਠ ਵਿਚ ਥਾਂ ਦਿੱਤੀ। ਉਸ ਹਰੀ ਦਾ ਨਾਮ ਤੋਤੇ ਨੂੰ ਪੜ੍ਹਾਉਂਦਿਆਂ ਵੇਸਵਾ ਭੀ ਵਿਕਾਰਾਂ ਵਲੋਂ ਹਟ ਗਈ; ਉਹੀ ਪ੍ਰਭੂ ਮੇਰੀਆਂ ਅੱਖਾਂ ਦੀ ਪੁਤਲੀ ਹੈ।੨।
ਬਾਲਾਂ ਨੂੰ ਮਾਰਨ ਵਾਲੀ ਅਤੇ ਕਪਟ ਨਾਲ ਭਰੀ ਹੋਈ ਪੂਤਨਾ ਦਾਈ ਭੀ ਤਰ ਗਈ, ਜਦੋਂ ਉਸ ਨੇ ਹਰਿ-ਨਾਮ ਸਿਮਰਿਆ; ਸਿਮਰਨ ਦੀ ਬਰਕਤ ਨਾਲ ਹੀ ਦ੍ਰੋਪਤੀ (ਨਿਰਾਦਰੀ ਤੋਂ) ਬਚੀ ਸੀ, ਤੇ, ਗੌਤਮ ਦੀ ਨੇਕ ਇਸਤ੍ਰੀ ਦਾ ਪਾਰ-ਉਤਾਰਾ ਹੋਇਆ ਸੀ, ਜੋ (ਗੌਤਮ ਦੇ ਸ੍ਰਾਪ ਨਾਲ) ਸਿਲਾ ਬਣ ਗਈ ਸੀ।੩।
ਉਸੇ ਪ੍ਰਭੂ ਨੇ ਕੇਸੀ ਤੇ ਕੰਸ ਦਾ ਨਾਸ ਕੀਤਾ ਸੀ, ਤੇ ਕਾਲੀ ਨਾਗ ਦੀ ਜਿੰਦ-ਬਖ਼ਸ਼ੀ ਕੀਤੀ ਸੀ। ਨਾਮਦੇਵ ਬੇਨਤੀ ਕਰਦਾ ਹੈ-ਪ੍ਰਭੂ ਐਸਾ (ਬਖ਼ਸ਼ੰਦ) ਹੈ ਕਿ ਉਸ ਦਾ ਨਾਮ ਸਿਮਰਿਆਂ ਸਭ ਡਰ ਤੇ ਮੁਸੀਬਤਾਂ ਟਲ ਜਾਂਦੀਆਂ ਹਨ।੪।੧।੫।
ਭਾਵ: ਪ੍ਰਭੂ ਦਾ ਸਿਮਰਨ ਸਭ ਧਰਮਾਂ ਤੋਂ ਸ੍ਰੇਸ਼ਟ ਧਰਮ ਹੈ। ਸਿਮਰਨ ਦੀ ਬਰਕਤ ਨਾਲ ਸਭ ਮੁਸੀਬਤਾਂ ਟਲ ਜਾਂਦੀਆਂ ਹਨ, ਬੜੇ ਬੜੇ ਵਿਕਾਰੀ ਭੀ ਵਿਕਾਰਾਂ ਵਲੋਂ ਹਟ ਜਾਂਦੇ ਹਨ।
ਗੋਂਡ ॥ ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥ ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥ ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥੨॥ ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥੩॥ ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥ ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥ {ਪੰਨਾ 874}
ਨੋਟ: ਅਖ਼ੀਰਲੀ ਤੁਕ ਵਿਚ ਸੰਬੋਧਨ ਕਰ ਕੇ ਜਿਸ "ਮੀਤ" ਨੂੰ ਨਾਮਦੇਵ ਜੀ ਇਸ ਸ਼ਬਦ ਦੀ ਰਾਹੀਂ ਭੈਰਉ, ਸ਼ਿਵ, ਮਹਾ ਮਾਈ ਆਦਿਕ ਦੀ ਪੂਜਾ ਵਲੋਂ ਵਰਜਦੇ ਹਨ ਉਹ ਕੋਈ 'ਪੰਡਤ' ਜਾਪਦਾ ਹੈ, ਕਿਉਂਕਿ ਉਸ ਦਾ ਧਿਆਨ ਉਸ ਦੇ ਆਪਣੇ ਹੀ ਧਰਮ-ਪੁਸਤਕ 'ਗੀਤਾ' ਵਲ ਭੀ ਦਿਵਾਉਂਦੇ ਹਨ।
ਪਦਅਰਥ: ਭੈਰਉ—ਇਕ ਜਤੀ ਦਾ ਨਾਮ ਸੀ, ਸਵਾਰੀ ਕਾਲੇ ਕੁੱਤੇ ਦੀ ਕਹੀ ਜਾਂਦੀ ਹੈ। ਸ਼ਿਵ ਜੀ ਦੀਆਂ ਅੱਠ ਭਿਆਨਕ ਸ਼ਕਲਾਂ ਵਿਚੋਂ ਇੱਕ ਭੈਰਉ ਹੈ। ਇਸ ਦਾ ਮੰਦਰ ਜੰਮੂ ਤੋਂ ਪਰੇ ਦੁਰਗਾ ਦੇ ਮੰਦਰ ਤੋਂ ਉਤੇ ਦੋ ਮੀਲ ਤੇ ਬਣਿਆ ਹੋਇਆ ਹੈ। ਸੀਤਲਾ—ਚੀਚਕ (small pox) ਦੀ ਦੇਵੀ; ਇਸ ਦੀ ਸਵਾਰੀ ਖੋਤੇ ਦੀ ਹੈ। ਖਰ—ਖੋਤਾ। ਖਰ ਬਾਹਨੁ—ਖੋਤੇ ਦੀ ਸਵਾਰੀ ਕਰਨ ਵਾਲਾ। ਛਾਰ—ਸੁਆਹ।੧।
ਤਉ—ਤਾਂ। ਰਮਈਆ—ਸੋਹਣਾ ਰਾਮ। ਲੈ ਹਉ—ਲਵਾਂਗਾ। ਆਨ—ਹੋਰ। ਬਦਲਾਵਨਿ—ਬਦਲੇ ਵਿਚ, ਵੱਟੇ ਵਿਚ। ਦੈ ਹਉ—ਦੇ ਦਿਆਂਗਾ।੧।ਰਹਾਉ।
ਬਰਦ—ਬਲਦ (ਇਹ ਸ਼ਿਵ ਜੀ ਦੀ ਸਵਾਰੀ ਹੈ)। ਡਉਰੂ—ਡਮਰੂ।੨।
ਮਹਾ—ਵੱਡੀ। ਮਹਾ ਮਾਈ—ਵੱਡੀ ਮਾਂ, ਪਾਰਵਤੀ। ਸੈ—ਤੋਂ। ਹੋਇ—ਬਣ ਕੇ। ਅਉਤਰੈ—ਜੰਮਦਾ ਹੈ।੩।
ਕਹੀਅਤ—ਕਹੀ ਜਾਂਦੀ ਹੈ। ਭਵਾਨੀ—ਦੁਰਗਾ ਦੇਵੀ। ਬਰੀਆ—ਵਾਰੀ। ਛਪਾਨੀ—ਲੁਕ ਜਾਂਦੀ ਹੈ।੪।
ਗਹੁ—ਫੜ, ਪਕੜ, ਆਸਰਾ ਲੈ। ਮੀਤਾ—ਹੇ ਮਿੱਤਰ ਪੰਡਤ! ਇਉ—ਇਸੇ ਤਰ੍ਹਾਂ ਹੀ।੫।
ਅਰਥ: ਜੋ ਮਨੁੱਖ ਭੈਰੋਂ ਵਲ ਜਾਂਦਾ ਹੈ (ਭਾਵ, ਜੋ ਭੈਰੋਂ ਦੀ ਅਰਾਧਨਾ ਕਰਦਾ ਹੈ) ਉਹ (ਵਧ ਤੋਂ ਵਧ ਭੈਰੋਂ ਵਰਗਾ ਹੀ) ਭੂਤ ਬਣ ਜਾਂਦਾ ਹੈ। ਜੋ ਸੀਤਲਾ ਨੂੰ ਅਰਾਧਦਾ ਹੈ ਉਹ (ਸੀਤਲਾ ਵਾਂਗ) ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਦੇ ਨਾਲ) ਸੁਆਹ ਹੀ ਉਡਾਉਂਦਾ ਹੈ।੧।
(ਹੇ ਪੰਡਤ!) ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ ਹੀ ਲਵਾਂਗਾ, (ਤੁਹਾਡੇ) ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿਚ ਦੇ ਦਿਆਂਗਾ, (ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ)।੧।ਰਹਾਉ।
ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ ਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ) ਡਮਰੂ ਵਜਾਉਂਦਾ ਹੈ।੨।
ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ (ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ)।੩।
ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ, ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ)।੪।
ਸੋ, ਨਾਮਦੇਵ ਬੇਨਤੀ ਕਰਦਾ ਹੈ-ਹੇ ਮਿੱਤਰ (ਪੰਡਤ!) ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ, (ਤੁਹਾਡੀ ਧਰਮ-ਪੁਸਤਕ) ਗੀਤਾ ਭੀ ਇਹੀ ਆਖਦੀ ਹੈ।੫।੨।੬।
ਸ਼ਬਦ ਦਾ ਭਾਵ: ਪੂਜਾ ਕਰ ਕੇ ਮਨੁੱਖ ਵਧ ਤੋਂ ਵਧ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ; ਸੰਸਾਰ-ਸਮੁੰਦਰ ਤੋਂ ਮੁਕਤੀ ਦਿਵਾਉਣੀ ਕਿਸੇ ਦੇਵੀ ਦੇਵਤੇ ਦੇ ਹੱਥ ਨਹੀਂ; ਇਸ ਵਾਸਤੇ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, ਪ੍ਰਭੂ ਹੀ ਮੁਕਤੀ-ਦਾਤਾ ਹੈ।
ਬਿਲਾਵਲੁ ਗੋਂਡ ॥ ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥ ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥ ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥੧॥ ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥੨॥ ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥ ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥੩॥੭॥ {ਪੰਨਾ 874-875}
ਨੋਟ: ਕਈ ਵਿਦਵਾਨ ਸੱਜਣ ਖ਼ਿਆਲ ਕਰਦੇ ਹਨ ਕਿ ਭਗਤ ਨਾਮਦੇਵ ਜੀ ਨੇ ਇਸ ਸ਼ਬਦ ਵਿਚ 'ਹਾਸ-ਰਸ' ਵਰਤਿਆ ਹੈ। ਪਰ, ਸੱਚਾਈ ਬਿਆਨ ਕਰ ਕੇ ਕਿਸੇ ਕੁਰਾਹੇ ਜਾਂਦੇ ਨੂੰ ਰਾਹ ਦੱਸਣਾ ਹੋਰ ਗੱਲ ਹੈ, ਤੇ ਕਿਸੇ ਦੇ ਧਾਰਮਿਕ ਜਜ਼ਬਿਆਂ ਨੂੰ ਮਖ਼ੌਲ ਕਰ ਕੇ ਠੋਕਰ ਲਾਣੀ ਬੜਾ ਦੁਖਦਾਈ ਕੰਮ ਹੈ। ਇਹ ਗੱਲ ਮੰਨੀ ਨਹੀਂ ਜਾ ਸਕਦੀ ਕਿ ਭਗਤ ਜੀ ਇਉਂ ਕਿਸੇ ਦਾ ਦਿਲ ਦੁਖਾ ਸਕਦੇ ਸਨ, ਜਾਂ, ਅਜਿਹੇ ਦੁਖਾਵੇਂ ਵਾਕ ਨੂੰ ਸਤਿਗੁਰੂ ਜੀ ਉਸ 'ਬਾਣੀ-ਬੋਹਿਥ' ਵਿਚ ਦਰਜ ਕਰਦੇ ਜੋ ਸਿੱਖ ਦੇ ਜੀਵਨ ਦਾ ਆਸਰਾ ਹੈ। ਇਹ ਆਖਣਾ ਕਿ 'ਹਾਸ-ਰਸ' ਦੀ ਰਾਹੀਂ ਵੱਡੇ ਵੱਡੇ ਦੇਵਤਿਆਂ ਦੇ ਵੱਡੇ ਵੱਡੇ ਕੰਮਾਂ ਨੂੰ ਪਰਮਾਤਮਾ ਦੀ ਵਡਿਆਈ ਦੇ ਸਾਹਮਣੇ ਤੁੱਛ ਪਰਗਟ ਕੀਤਾ ਹੈ, ਫਬਦਾ ਨਹੀਂ ਹੈ। ਕਿਸੇ ਮੁੰਡੇ ਨੂੰ ਮਾਰ ਦੇਣਾ ਕੋਈ ਵੱਡਾ ਕੰਮ ਨਹੀਂ ਹੈ; ਆਪਣੀ ਇਸਤ੍ਰੀ ਗਵਾ ਲੈਣੀ ਕੋਈ ਵੱਡਾ ਕੰਮ ਨਹੀਂ, ਤੇ ਟੰਗ ਤੁੜਾ ਲੈਣੀ ਕੋਈ ਫ਼ਖ਼ਰ ਦੀ ਗੱਲ ਨਹੀਂ ਹੈ। ਫਿਰ, ਇਹਨਾਂ, 'ਵੱਡੇ ਕੰਮਾਂ' ਦੇ ਟਾਕਰੇ ਤੇ ਪਰਮਾਤਮਾ ਦੇ ਕਿਸੇ ਭੀ ਵੱਡੇ ਕੰਮ ਦਾ ਇੱਥੇ ਕੋਈ ਜ਼ਿਕਰ ਨਹੀਂ। ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੀ ਜਿੰਦ ਦਾ ਸਹਾਰਾ ਸਮਝਣ ਵਾਲੇ ਸਿੱਖ ਨੇ ਤਾਂ ਇਹ ਵੇਖਣਾ ਹੈ ਕਿ ਉਸ ਨੂੰ ਇਹ ਸ਼ਬਦ ਪੜ੍ਹਦਿਆਂ ਕੀਹ ਸਹਾਰਾ ਮਿਲਦਾ ਹੈ, ਕਿਹੜਾ ਚਾਨਣ ਮਿਲਦਾ ਹੈ। ਕਿਸੇ ਦੇ ਧਾਰਮਿਕ ਜਜ਼ਬੇ ਨੂੰ ਮਖ਼ੌਲ ਕਰ ਕੇ ਉਸ ਦੇ ਦਿਲ ਨੂੰ ਠੋਕਰ ਮਾਰਨੀ ਧਰਮ ਦਾ ਮਾਰਗ ਨਹੀਂ ਹੋ ਸਕਦਾ। ਸਾਨੂੰ ਇਸ ਵਿਚੋਂ ਸੱਚਾਈ ਦੀ ਕਿਰਨ ਦੀ ਲੋੜ ਹੈ; ਸਾਨੂੰ ਇਸ ਵਿਚੋਂ ਉਸ ਉੱਚ-ਉਡਾਰੀ ਦੀ ਲੋੜ ਹੈ ਜੋ ਸਾਨੂੰ ਭੀ ਉੱਚਾ ਕਰ ਸਕੇ। ਅਸਾਂ ਕਿਸੇ ਉੱਤੇ ਮਖ਼ੌਲ ਉਡਾ ਕੇ ਹੀ ਇਹ ਨਹੀਂ ਫ਼ਰਜ਼ ਕਰ ਲੈਣਾ ਕਿ ਇਸ ਸ਼ਬਦ ਵਿੱਚੋਂ ਸਾਨੂੰ ਜੀਵਨ-ਰਾਹ ਲੱਭ ਪਿਆ ਹੈ।
ਜੋ ਕਿਸੇ ਮੁਕੰਮਲ ਸ਼ਬਦ ਨੂੰ ਇਕ ਖਿੜਿਆ ਹੋਇਆ ਸੁੰਦਰ ਫੁੱਲ ਮਿਥ ਲਈਏ, ਤਾਂ 'ਰਹਾਉ' ਦੀ ਤੁਕ ਉਸ ਫੁੱਲ ਦਾ ਮਕਰੰਦ ਹੁੰਦਾ ਹੈ। 'ਰਹਾਉ' ਵਿਚ ਉਹ ਕੇਂਦਰੀ ਰਮਜ਼ ਹੋਇਆ ਕਰਦੀ ਹੈ, ਜਿਸ ਦਾ ਵਿਕਾਸ ਸਾਰੇ ਸ਼ਬਦ ਵਿਚ ਕੀਤਾ ਜਾਂਦਾ ਹੈ। ਇਸੇ ਨਿਯਮ ਨੂੰ ਜੇ ਇਸ ਸ਼ਬਦ ਵਿਚ ਭੀ ਗਹੁ ਨਾਲ ਵਰਤਾਂਗੇ, ਤਾਂ ਉਹ ਸੁਗੰਧੀ ਜੋ ਇਸ ਰਹਾਉ-ਮਕਰੰਦ ਵਿਚ ਲੁਕੀ ਪਈ ਹੈ, ਸਾਰੇ ਖਿੜੇ ਫੁੱਲ ਵਿਚੋਂ ਮਹਿਕ ਦੇਣ ਲੱਗ ਪਏਗੀ, ਸਾਰੀ ਰਮਜ਼ ਖੁਲ੍ਹ ਜਾਇਗੀ। ਸ਼ਬਦ ਦੇ ਤਿੰਨ ਬੰਦਾਂ ਵਿਚ ਕਿਸੇ ਪਾਂਡੇ ਨੂੰ ਸੰਬੋਧਨ ਕਰ ਰਹੇ ਹਨ। ਸੋ, 'ਰਹਾਉ' ਵਿਚ ਵਰਤਿਆ ਲਫ਼ਜ਼ 'ਰੇ' ਭੀ ਉਸ ਪਾਂਡੇ ਵਾਸਤੇ ਹੀ ਹੈ। ਇਸ ਤੁਕ ਵਿਚ ਪਾਂਡੇ ਨੂੰ ਆਪਣਾ ਹਾਲ ਦੱਸਦੇ ਹਨ ਕਿ ਮੈਂ ਤਾਂ 'ਬੀਠੁਲ' ਦਾ ਦੀਦਾਰ ਕਰ ਲਿਆ ਹੈ, ਪਰ ਨਾਲ ਹੀ ਉਸ ਨੂੰ ਇਹ ਚੇਤਾ ਭੀ ਕਰਾਂਦੇ ਹਨ ਕਿ ਤੂੰ ਤਾਂ ਮੂਰਖ ਹੀ ਰਹਿਓਂ, ਤੈਨੂੰ ਦੀਦਾਰ ਨਾ ਹੋਇਆ। ਬਾਕੀ ਸਾਰੇ ਸ਼ਬਦ ਵਿਚ ਪਾਂਡੇ ਨੂੰ ਉਸ ਦੀਆਂ ਉਕਾਈਆਂ ਸਮਝਾ ਰਹੇ ਹਨ, ਜਿਨ੍ਹਾਂ ਨੇ ਉਸ ਨੂੰ ਬੀਠਲ ਦਾ ਦਰਸ਼ਨ ਕਰਨ ਨਹੀਂ ਦਿੱਤਾ।
ਇੱਥੇ ਇਕ ਹੋਰ ਸੁਆਦਲੀ ਗੱਲ ਭੀ ਵੇਖਣ ਵਾਲੀ ਹੈ। ਜੇ ਨਾਮਦੇਵ ਜੀ ਦਾ 'ਬੀਠਲ' ਕਿਸੇ ਮੰਦਰ ਵਿਚ ਸਥਾਪਨ ਕੀਤਾ ਹੁੰਦਾ, ਤਾਂ ਉਸ ਮੰਦਰ ਵਿਚ ਰਹਿਣ ਵਾਲੇ 'ਪਾਂਡੇ' ਨੂੰ ਤਾਂ ਉਸ ਦਾ ਦਰਸ਼ਨ, ਜਦ ਉਹ ਚਾਹੁੰਦਾ, ਹੋ ਸਕਦਾ ਸੀ, ਕਿਉਂਕਿ ਪਾਂਡਾ ਉੱਚੀ ਜਾਤ ਦਾ ਸੀ। ਪਰ ਸ਼ੂਦਰ ਨਾਮਦੇਵ ਨੂੰ 'ਬੀਠੁਲ' ਦਾ ਦਰਸ਼ਨ ਕਿਵੇਂ ਹੋਇਆ? ਇਸ ਨੂੰ ਤਾਂ ਸ਼ੂਦਰ ਹੋਣ ਕਰਕੇ ਸਗੋਂ ਧੱਕੇ ਪੈ ਸਕਦੇ ਹਨ। ਪਰ ਅਸਲ ਗੱਲ ਇਹ ਹੈ ਕਿ ਨਾਮਦੇਵ ਦਾ 'ਬੀਠਲ' ਕਿਸੇ ਮੰਦਰ ਵਿਚ ਬਿਠਾਇਆ ਹੋਇਆ ਬੀਠਲ ਨਹੀਂ ਸੀ, ਉਹ 'ਬੀਠਲ' ਉਹ ਸੀ "ਜਹ ਦੇਹੁਰਾ ਨ ਮਸੀਤਿ"। ਕੀ ਅਜੇ ਭੀ ਕੋਈ ਸ਼ੱਕ ਰਹਿ ਜਾਂਦਾ ਹੈ ਕਿ ਭਗਤ ਨਾਮਦੇਵ ਜੀ ਕਿਸੇ ਮੰਦਰ-ਵਿਚ-ਥਾਪੇ ਹੋਏ 'ਬੀਠਲ' ਦੇ ਪੁਜਾਰੀ ਨਹੀਂ ਸਨ? ਉਹ ਤਾਂ ਸਗੋਂ ਮੰਦਰ ਵਿਚ ਟਿਕਾਏ ਹੋਏ ਬੀਠਲ ਦੀ ਪੂਜਾ ਕਰਨ ਵਾਲੇ ਪਾਂਡੇ ਨੂੰ ਕਹਿ ਰਹੇ ਹਨ ਕਿ ਤੂੰ ਮੂਰਖ ਹੀ ਰਹਿਓਂ, ਤੈਨੂੰ ਅਜੇ ਤਕ ਬੀਠਲ ਦੇ ਦਰਸ਼ਨ ਹੀ ਨਹੀਂ ਹੋ ਸਕੇ।
ਪਾਂਡੇ ਨੂੰ 'ਬੀਠਲ' ਦੇ ਦਰਸ਼ਨ ਕਿਉਂ ਨਹੀਂ ਹੋ ਸਕੇ? ਇਸ ਦਾ ਉੱਤਰ ਸ਼ਬਦ ਦੇ ਸਾਰੇ 'ਬੰਦਾਂ' ਵਿਚ ਹੈ। ਮੁੱਖ ਗੱਲ ਇਹ ਕਹੀ ਹੈ ਕਿ ਪਾਂਡਾ ਅੰਨ੍ਹਾ ਹੈ ਇਸ ਦੀਆਂ ਦੋਵੇਂ ਅੱਖਾਂ ਬੰਦ ਹਨ। ਗਿਆਨ-ਦਾਤਾ ਗੁਰੂ ਦੇ ਲੜ ਲੱਗਣਾ-ਇਹ ਹੈ ਆਤਮਕ ਤੌਰ ਤੇ ਸੁਜਾਖੇ ਬੰਦੇ ਦੀ ਇੱਕ ਅੱਖ; ਪਰਮਾਤਮਾ ਦਾ ਸਹੀ ਸਰੂਪ-ਇਹ ਹੈ ਦੂਜੀ ਅੱਖ। ਪਾਂਡੇ ਨੇ ਗਿਆਨ ਪਰਾਪਤ ਕਰਨ ਲਈ ਗਾਇਤ੍ਰੀ ਦਾ ਪਵਿੱਤਰ ਜਾਪ ਕੀਤਾ, ਮਹਾਦੇਵ ਦੀ ਓਟ ਲਈ, ਸ੍ਰੀ ਰਾਮ ਚੰਦਰ ਜੀ ਦੇ ਚਰਨਾਂ ਤੇ ਢੱਠਾ; ਪਰ ਇਹਨਾਂ ਵਿਚੋਂ ਕਿਸੇ ਦੇ ਭੀ ਲੜ ਨਾ ਲੱਗਾ, ਕਿਸੇ ਉੱਤੇ ਭੀ ਸ਼ਰਧਾ ਨਾ ਬਣਾਈ, ਸਗੋਂ ਇਹਨਾਂ ਬਾਰੇ ਅਜਿਹੀਆਂ ਕਹਾਣੀਆਂ ਘੜ ਲਈਆਂ ਕਿ ਪੂਰਨ ਸ਼ਰਧਾ ਬਣ ਹੀ ਨਾ ਸਕੇ। ਲਫ਼ਜ਼ ਗਾਇਤ੍ਰੀ ਮਹਾਦੇਵ ਅਤੇ ਰਾਮ ਚੰਦ ਨਾਲ ਵਰਤੇ ਲਫ਼ਜ਼ 'ਤੁਮਰੀ' ਅਤੇ 'ਤੁਮਰਾ' ਖ਼ਾਸ ਤੌਰ ਤੇ ਸਮਝਣ-ਯੋਗ ਹਨ। ਭਾਵ ਇਹ ਹੈ ਕਿ ਹੇ ਪਾਂਡੇ! ਜਿਸ ਗਾਇਤ੍ਰੀ ਆਦਿਕ ਨੂੰ 'ਤੂੰ' ਆਪਣਾ ਗਿਆਨ-ਦਾਤਾ ਕਹਿੰਦਾ ਹੈਂ, ਉਸ ਵਿਚ 'ਤੂੰ ਆਪ ਹੀ' ਨੁਕਸ ਦੱਸੀ ਜਾ ਰਿਹਾ ਹੈਂ। ਫਿਰ ਤੇਰਾ ਸਿਦਕ ਕਿਵੇਂ ਬੱਝੇ? ਇਹ ਗਿਆਨ ਦੀ ਅੱਖ ਗਈ। ਦੂਜੀ ਦਾ ਭੀ ਇਹੀ ਹਾਲ ਹੋਇਆ। 'ਬੀਠਲ' ਸੀ, ਮਾਇਆ ਤੋਂ ਪਰੇ ਅਤੇ ਸਰਬ-ਵਿਆਪਕ ਪਰ, ਪਾਂਡੇ ਨੇ ਉਸ ਨੂੰ ਮੰਦਰ ਵਿਚ ਕੈਦ ਕਰ ਦਿੱਤਾ; ਸਿਰਫ਼ ਉਸ ਮੂਰਤੀ ਨੂੰ ਬੀਠਲ ਸਮਝਿਆ ਜੋ ਮੰਦਰ ਵਿਚ ਸੀ, ਸੰਸਾਰ ਵਿਚ ਵੱਸਦਾ ਬੀਠਲ ਉਸ ਨੂੰ ਨਾ ਦਿੱਸਿਆ।
ਤੁਰਕ ਇਸ ਗੱਲੋਂ ਕੁਝ ਬਚਿਆ ਰਿਹਾ। ਇਸ ਨੇ ਹਜ਼ਰਤ ਮੁਹੰਮਦ ਸਾਹਿਬ ਵਿਚ ਪੂਰਾ ਸਿਦਕ ਬਣਾਇਆ ਹੈ। ਪਰ ਇਕ ਉਕਾਈ ਇਹ ਭੀ ਖਾ ਗਿਆ, ਇਸ ਨੇ ਮਸਜਿਦ ਨੂੰ ਹੀ ਰੱਬ ਦਾ ਘਰ ਸਮਝ ਲਿਆ ਹੈ, ਇਸ ਨੇ ਨਿਰੇ ਕਾਹਬੇ ਵਿਚ ਹੀ ਰੱਬ ਨੂੰ ਵੇਖਣ ਦੀ ਕੋਸ਼ਸ਼ ਕੀਤੀ ਹੈ। ਸੋ, ਇਕ ਅੱਖੋਂ ਕਾਣਾ ਰਹਿ ਗਿਆ।
ਗੁਰੂ ਨਾਨਕ ਸਹਿਬ ਨੂੰ ਭਲਾ ਇਹ ਸ਼ਬਦ ਕਿਉਂ ਪਿਆਰਾ ਲੱਗਾ? ਉਹਨਾਂ ਭਗਤ ਜੀ ਦੇ ਵਤਨ ਤੋਂ ਇਹ ਸਾਂਭ ਕੇ ਕਿਉਂ ਲਿਆਂਦਾ? ਹੁਣ ਉੱਪਰਲੀ ਵਿਚਾਰ ਦੇ ਸਾਹਮਣੇ ਉੱਤਰ ਸਪੱਸ਼ਟ ਹੈ-(੧) ਗੁਰੂ (ਗ੍ਰੰਥ ਸਾਹਿਬ) ਦੀ ਬਾਣੀ ਸਿੱਖ ਦੇ ਜੀਵਨ ਦਾ ਆਸਰਾ ਹੈ, ਪਰ ਇਸ ਵਿਚ ਕਿਤੇ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਕਿ ਫ਼ਲਾਣਾ ਸ਼ਬਦ ਤਾਂ ਸਾਨੂੰ ਨਹੀਂ ਜੱਚਦਾ; (੨) ਜੇ ਪਾਂਡੇ ਦੇ ਮਹਾਦੇਵ ਵਾਂਗ ਸਿੱਖ ਨੇ ਭੀ ਆਪਣੇ ਪ੍ਰੀਤਮ ਗੁਰੂ ਨੂੰ ਸਰਾਪ ਦੇਣ ਵਾਲਾ ਮੰਨ ਲਿਆ; ਤਾਂ ਜਿਵੇਂ ਪਾਂਡਾ ਮਹਾਦੇਵ ਨੂੰ ਪੂਜਦਾ ਤਾਂ ਹੈ ਪਰ ਉਸ ਪਾਸੋਂ ਕੰਬਦਾ ਫਿਰ ਭੀ ਰਹਿੰਦਾ ਹੈ ਕਿ ਕਿਤੇ ਸ੍ਰਾਪ ਨਾ ਮਿਲ ਜਾਏ, ਸਿੱਖ ਦਾ ਭੀ ਇਹੀ ਹਾਲ ਰਹੇਗਾ, ਗੁਰੂ ਦੇ ਚਰਨਾਂ ਤੋਂ ਰੀਝ ਨਾਲ ਸਦਕੇ ਨਹੀਂ ਹੋ ਸਕੇਗਾ, ਕਿਉਂਕਿ ਉਸ ਨੂੰ ਇਹੀ ਡਰ ਰਹੇਗਾ ਕਿ ਗੁਰੂ ਗੁੱਸੇ ਵਿਚ ਆ ਕੇ ਸ੍ਰਾਪ ਦੇ ਸਕਦਾ ਹੈ; (੩) ਸਿੱਖ ਦਾ ਪੂਜਯ ਅਕਾਲ ਪੁਰਖ ਹਰ ਥਾਂ ਹੈ, ਤੇ ਸਿੱਖ ਦਾ ਤੀਰਥ ਉਸ ਦਾ ਆਪਣਾ ਹਿਰਦਾ ਹੈ, ਜਿੱਥੇ ਨਿਤ ਜੁੜ ਕੇ ਸਿੱਖ ਇਸ਼ਨਾਨ ਕਰਦਾ ਹੈ।
ਪਦਅਰਥ: ਆਜੁ—ਅੱਜ, ਹੁਣ, ਇਸੇ ਜਨਮ ਵਿਚ। ਬੀਠਲੁ—{Skt. विष्ठल One situated at a distance. ਵਿ—ਪਰੇ, ਦੂਰ। ਸਥਲ—ਖਲੋਤਾ ਹੋਇਆ} ਉਹ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਰੇ—ਹੇ ਪਾਂਡੇ! ਸਮਝਾਊ—ਮੈਂ ਸਮਝਾਵਾਂ।ਰਹਾਉ।
ਤੁਮਰੀ ਗਾਇਤ੍ਰੀ—ਜਿਸ ਨੂੰ ਤੁਸੀ ਗਾਇਤ੍ਰੀ ਆਖਦੇ ਹੋ ਤੇ ਜਿਸ ਬਾਰੇ ਇਹ ਸ਼ਰਧਾ—ਹੀਣ ਕਹਾਣੀ ਭੀ ਬਣਾ ਰੱਖੀ ਹੈ। ਗਾਇਤ੍ਰੀ—{Skt. गायत्री—ਇਕ ਬੜਾ ਪਵਿੱਤਰ ਮੰਤਰ, ਜਿਸ ਦਾ ਪਾਠ ਹਰੇਕ ਬ੍ਰਾਹਮਣ ਲਈ ਸਵੇਰੇ ਸ਼ਾਮ ਕਰਨਾ ਜ਼ਰੂਰੀ ਹੈ। ਉਹ ਮੰਤਰ ਇਉਂ ਹੈ: तत्सवितुर्वरेण्य भर्गो देवस्य धीमाही धयो यो नः प्रचोदयात्। ਲੋਧਾ—ਜੱਟਾਂ ਦੀ ਇਕ ਜਾਤ ਦਾ ਨਾਉਂ ਹੈ। ਠੇਗਾ—ਸੋਟਾ। ਲਾਂਗਤ—ਲੰਙਾ ਲੰਙਾ ਕੇ।੧।
ਮਹਾਦੇਵ—ਸ਼ਿਵ। ਮਉਲੇ—ਚਿੱਟੇ। ਮੋਦੀ—ਭੰਡਾਰੀ। ਵਾ ਕਾ—ਉਸ ਦਾ।੨।
ਸਰਬਰ—ਲੜਾਈ। ਜੋਇ—ਇਸਤ੍ਰੀ।
ਤੁਰਕੂ—ਮੁਸਲਮਾਨ। ਜਹ—ਜਿਸ ਦਾ। ਦੇਹੁਰਾ—ਮੰਦਰ।੪।
ਅਰਥ: ਹੇ ਪਾਂਡੇ! ਮੈਂ ਤਾਂ ਇਸੇ ਜਨਮ ਵਿਚ ਪਰਮਾਤਮਾ ਦਾ ਦਰਸ਼ਨ ਕਰ ਲਿਆ ਹੈ (ਪਰ ਤੂੰ ਮੂਰਖ ਹੀ ਰਹਿਓਂ, ਤੈਨੂੰ ਦਰਸ਼ਨ ਨਹੀਂ ਹੋਇਆ; ਆ) ਮੈਂ (ਤੈਨੂੰ) ਮੂਰਖ ਨੂੰ ਸਮਝਾਵਾਂ (ਕਿ ਤੈਨੂੰ ਦਰਸ਼ਨ ਕਿਉਂ ਨਹੀਂ ਹੁੰਦਾ)।੧।ਰਹਾਉ।
ਹੇ ਪਾਂਡੇ! (ਪਹਿਲਾਂ ਤਾਂ ਜਿਸ ਗਾਇਤ੍ਰੀ ਦਾ ਤੂੰ ਪਾਠ ਕਰਦਾ ਹੈਂ ਉਸ ਉੱਤੇ ਤੇਰੀ ਸ਼ਰਧਾ ਨਹੀਂ ਬਣ ਸਕਦੀ, ਕਿਉਂਕਿ) ਤੇਰੀ ਗਾਇਤ੍ਰੀ (ਉਹ ਹੈ ਜਿਸ ਬਾਰੇ ਤੂੰ ਆਪ ਹੀ ਆਖਦਾ ਹੈਂ ਕਿ ਇਕ ਵਾਰੀ ਸ੍ਰਾਪ ਦੇ ਕਾਰਨ ਗਊ ਦੀ ਜੂਨ ਵਿਚ ਆ ਕੇ ਇਹ) ਇਕ ਲੋਧੇ ਜੱਟ ਦੀ ਪੈਲੀ ਖਾਣ ਜਾ ਪਈ, ਉਸ ਨੇ ਸੋਟਾ ਲੈ ਕੇ ਲੱਤ ਤੋੜ ਦਿੱਤੀ ਤਾਂ (ਵਿਚਾਰੀ) ਲੰਙਾ ਲੰਙਾ ਕੇ ਤੁਰਨ ਲੱਗੀ।੧।
ਹੇ ਪਾਂਡੇ! (ਫਿਰ ਤੂੰ ਜਿਸ ਸ਼ਿਵ ਜੀ ਦੀ ਅਰਾਧਨਾ ਕਰਦਾ ਹੈਂ ਉਸ ਨੂੰ ਬੜਾ ਕ੍ਰੋਧੀ ਸਮਝਦਾ ਹੈਂ ਤੇ ਆਖਦਾ ਹੈਂ ਕਿ ਗੁੱਸੇ ਵਿਚ ਆ ਕੇ ਉਹ ਸ੍ਰਾਪ ਦੇ ਦੇਂਦਾ ਹੈ, ਭਸਮ ਕਰ ਦੇਂਦਾ ਹੈ। ਐਸੇ ਸ਼ਿਵ ਨਾਲ ਤੂੰ ਪਿਆਰ ਕਿਵੇਂ ਕਰ ਸਕਦਾ ਹੈਂ?) ਤੇਰਾ ਸ਼ਿਵ (ਤਾਂ ਉਹ ਹੈ ਜਿਸ ਬਾਰੇ ਤੂੰ ਆਖਦਾ ਹੈਂ) ਕਿਸੇ ਭੰਡਾਰੀ ਦੇ ਘਰ ਉਸ ਵਾਸਤੇ ਭੋਜਨ ਤਿਆਰ ਹੋਇਆ, ਸ਼ਿਵ ਨੂੰ ਚਿੱਟੇ ਬਲਦ ਉੱਤੇ ਚੜ੍ਹਿਆ ਜਾਂਦਾ ਵੇਖਿਆ, (ਭਾਵ, ਤੂੰ ਦੱਸਦਾ ਹੈਂ ਕਿ ਸ਼ਿਵ ਜੀ ਚਿੱਟੇ ਬਲਦ ਦੀ ਸਵਾਰੀ ਕਰਦੇ ਸਨ) (ਪਰ ਸ਼ਾਇਦ ਉਹ ਭੋਜਨ ਪਸੰਦ ਨਾ ਆਇਆ, ਸ਼ਿਵ ਜੀ ਨੇ ਸ੍ਰਾਪ ਦੇ ਕੇ) ਉਸ ਦਾ ਮੁੰਡਾ ਮਾਰ ਦਿੱਤਾ।੨।
ਹੇ ਪਾਂਡੇ! ਤੇਰੇ ਸ੍ਰੀ ਰਾਮ ਚੰਦਰ ਜੀ ਭੀ ਆਉਂਦੇ ਵੇਖੇ ਹਨ (ਭਾਵ, ਜਿਸ ਸ੍ਰੀ ਰਾਮ ਚੰਦਰ ਜੀ ਦੀ ਤੂੰ ਉਪਾਸ਼ਨਾ ਕਰਦਾ ਹੈਂ, ਉਹਨਾਂ ਦੀ ਬਾਬਤ ਭੀ ਤੈਥੋਂ ਇਹੀ ਕੁਝ ਅਸਾਂ ਸੁਣਿਆ ਹੈ ਕਿ) ਰਾਵਣ ਨਾਲ ਉਹਨਾਂ ਦੀ ਲੜਾਈ ਹੋ ਪਈ, ਕਿਉਂਕਿ ਉਹ ਵਹੁਟੀ (ਸੀਤਾ ਜੀ) ਗਵਾ ਬੈਠੇ ਸਨ।੩।
ਨੋਟ: 'ਰਾਮਾਇਣ' ਅਤੇ 'ਉੱਤਰ ਰਾਮ ਚਰਿਤ੍ਰ' ਆਦਿਕ ਪੁਸਤਕਾਂ ਵਿਚ ਕਈ ਦੂਸ਼ਣ ਭੀ ਸ੍ਰੀ ਰਾਮ ਚੰਦਰ ਜੀ ਉੱਤੇ ਆਰੋਪਣ ਕੀਤੇ ਗਏ ਹਨ, ਭਾਵੇਂ ਉਹ ਭਗਤੀ-ਭਾਵ ਵਿਚ ਗਲੇਫ਼ੇ ਹੋਏ ਹਨ-ਬਾਲੀ ਨੂੰ ਛਿਪ ਕੇ ਮਾਰਨਾ, ਇਕ ਰਾਖ਼ਸ਼ਣੀ ਨੂੰ ਮਾਰਨਾ, ਸੀਤਾ ਜੀ ਨੂੰ ਘਰੋਂ ਕੱਢ ਦੇਣਾ, ਇਤਿਆਦਿਕ। ਇਹ ਦੂਸ਼ਣ ਲਾ ਕੇ ਉਹਨਾਂ ਵਿਚ ਪੂਰੀ ਸ਼ਰਧਾ ਰੱਖਣੀ ਅਸੰਭਵ ਹੋ ਜਾਂਦੀ ਹੈ।
ਸੋ ਹਿੰਦੂ ਦੋਵੇਂ ਅੱਖਾਂ ਗਵਾ ਬੈਠਾ ਹੈ, ਪਰ ਮੁਸਲਮਾਨ ਦੀ ਇੱਕ ਅੱਖ ਹੀ ਖ਼ਰਾਬ ਹੋਈ ਹੈ; ਇਹਨਾਂ ਦੋਹਾਂ ਨਾਲੋਂ ਸਿਆਣਾ ਉਹ ਬੰਦਾ ਹੈ ਜਿਸ ਨੂੰ (ਪ੍ਰਭੂ ਦੀ ਹਸਤੀ ਦਾ ਸਹੀ) ਗਿਆਨ ਹੋ ਗਿਆ ਹੈ। (ਹਿੰਦੂ ਨੇ ਇੱਕ ਅੱਖ ਤਾਂ ਤਦੋਂ ਗਵਾਈ ਜਦੋਂ ਉਹ ਆਪਣੇ ਇਸ਼ਟ ਬਾਰੇ ਸ਼ਰਧਾ-ਹੀਣ ਕਹਾਣੀਆਂ ਘੜਨ ਲੱਗ ਪਿਆ, ਤੇ ਦੂਜੀ ਗਵਾਈ, ਜਦੋਂ ਉਹ ਪਰਮਾਤਮਾ ਨੂੰ ਨਿਰਾ ਮੰਦਰ ਵਿਚ ਬੈਠਾ ਸਮਝ ਕੇ) ਮੰਦਰ ਨੂੰ ਪੂਜਣ ਲੱਗ ਪਿਆ, ਮੁਸਲਮਾਨ (ਦੀ ਹਜ਼ਰਤ ਮੁਹੰਮਦ ਸਾਹਿਬ ਵਿਚ ਪੂਰੀ ਸ਼ਰਧਾ ਹੋਣ ਕਰਕੇ ਇੱਕ ਅੱਖ ਤਾਂ ਸਾਬਤ ਹੈ ਪਰ ਦੂਜੀ ਗਵਾ ਬੈਠਾ ਹੈ, ਕਿਉਂਕਿ ਰੱਬ ਨੂੰ ਨਿਰਾ ਮਸਜਿਦ ਵਿਚ ਜਾਣ ਕੇ) ਮਸਜਿਦ ਨੂੰ ਹੀ ਰੱਬ ਦਾ ਘਰ ਸਮਝ ਰਿਹਾ ਹੈ। ਮੈਂ ਨਾਮਦੇਵ ਉਸ ਪਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਹ ਕੋਈ ਖ਼ਾਸ ਮੰਦਰ ਹੈ ਤੇ ਨਾ ਮਸਜਿਦ।੪।੩।੭। PAGE 874