ਅਸੀਂ ਤਾਂ ਜਾਣਾ ਹੈ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
ਕਰ ਅਪਣਾ ਕਿਰਦਾਰ, ਅਸੀਂ ਤਾਂ ਜਾਣਾ ਹੈ।
ਉਸ ਦੀਆਂ ਖੇਡਾਂ, ਉਸ ਦੀ ਮਾਇਆ।
ਕਰਦੇ ਹਾਂ ਜੋ ਉਸ ਕਰਵਾਇਆ।
ਉਸ ਦੀ ਰਜ਼ਾ’ ਚ ਸਦ ਸੁਖ ਪਾਇਆ।
ਏਹੋ ਜੀਵਨ ਸਾਰ, ਅਸੀਂ ਤਾਂ ਜਾਣਾ ਹੈ।
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
ਹੋਏ ਦੀ ਕੀ ਖੁਸ਼ੀ ਮਨਾਈਏ,
ਨਾ ਹੋਏ ਤਾਂ ਕਿਉਂ ਪਛਤਾਈਏ।
ਮਨ ਤੇ ਗਮ ਕਿਉਂ ਐਵੇਂ ਲਾਈਏ।
ਜੋ ਕਰਦਾ ਕਰਤਾਰ, ਅਸੀਂ ਤਾਂ ਜਾਣਾ ਹੈ।
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
ਸਾਡਾ ਕੰਮ ਹੈ ਕਰਦੇ ਜਾਣਾ,
ਖੁਸ਼ ਹੋ ਉਸਦਾ ਹੁਕਮ ਬਜਾਣਾ।
ਤਨ, ਮਨ, ਧਨ ਸੰਗ ਫਰਜ਼ ਨਿਭਾਣਾ।
ਰੱਖ ਸਭ ਸੰਗ ਸਹਿਚਾਰ, ਅਸੀਂ ਤਾਂ ਜਾਣਾ ਹੈ।
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
ਹੋਈਏ ਜੋ ਉਸ ਤੋਂ ਇਨਕਾਰੀ,
ਪੈ ਜਾਂਦਾ ਹੈ ਸਭ ਕੁੱਝ ਭਾਰੀ।
ਨਿਭ ਸਕਦੀ ਨਈਂ ਜ਼ਿਮੇਵਾਰੀ।
ਹਰ ਪਾਸੇ ਹੀ ਮਾਰ, ਅਸੀਂ ਤਾਂ ਜਾਣਾ ਹੈ।
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
ਉਮਰ ਗੁਜ਼ਾਰੀ ਰੱਬ ਭਰੋਸੇ।
ਇਸ ਲਈ ਹਾਂ ਨਾ ਕਦੇ ਮਸੋਸੇ।
ਉਹ ਖਾਈਏ ਜੋ ਆਪ ਪਰੋਸੇ,
ਕਿਸ ਗਲ ਦਾ ਹੰਕਾਰ, ਅਸੀਂ ਤਾਂ ਜਾਣਾ ਹੈ।
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
ਗੁਰ ਕਹਿੰਦੇ ਅਸੀਂ ਹੁਕਮ `ਚ ਚਲਣਾ।
ਮਨ ਦੀ ਮੰਨ ਨਾ ਅੜੀਆਂ ਕਰਨਾ।
ਹੁਕਮ `ਚ ਮਾੜਾ ਚੰਗਾ ਬਣਨਾ।
ਹੁਕਮ `ਚ ਸਭ ਸੰਸਾਰ, ਅਸੀਂ ਤਾਂ ਜਾਣਾ ਹੈ।
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
ਹੁਕਮ `ਚ ਆਉਣਾ, ਹੁਕਮ `ਚ ਜਾਣਾ।
ਹੁਕਮ `ਚ ਉਠਣਾ, ਬਹਿਣਾਂ ਖਾਣਾ।
ਹੁਕਮ ਜੋ ਦੇਵੇ, ਸੇਧ ਬਣਾਣਾ।
ਜੀਣਾ ਹੁਕਮ ਆਧਾਰ, ਅਸੀਂ ਤਾਂ ਜਾਣਾ ਹੈ।
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
(09/02/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬਾਹਰ ਕੀ ਭਾਲੇਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੋ ਵਸਦਾ ਅੰਦਰ ਤੇਰੇ, ਬਾਹਰ ਕੀ ਭਾਲੇਂ, ਬਾਹਰ ਕੀ ਭਾਲੇਂ।
ਜੰਗਲ ਢੂੰਡੇਂ, ਬੇਲੇ ਢੂੰਡੇ, ਤੀਰਥ ਢੂੰਡੇਂ, ਮੇਲੇ ਢੂੰਡੇ,
ਮੰਦਿਰ ਢੂੰਡੇ, ਮਸਜਿਦ ਢੂੰਡੇਂ, ਮਿਲੇ ਨਾ ਜਿੱਥੇ, ਕਾਸਿਦ ਢੂੰਡੇਂ।
ਜੋ ਤੇਰੇ ਅੰਗ ਸੰਗ ਹੈ ਰਚਿਆ, ਜੋ ਤੇਰੇ ਧੁਰ ਅੰਦਰ ਵਸਿਆ।
ਜੋ ਸਦ ਤੇਰੇ ਅੰਦਰ ਰਹਿੰਦਾ, ਜੋ ਤੇਰੇ ਸਾਹੀਂ ਸਾਹ ਲੈਂਦਾ।
ਜੋ ਸੰਗ ਤੇਰੇ ਸ਼ਾਮ ਸਵੇਰੇ, ਬਾਹਰ ਕੀ ਭਾਲੇਂ, ਬਾਹਰ ਕੀ ਭਾਲੇਂ।
ਜੋ ਵਸਦਾ ਅੰਦਰ ਤੇਰੇ, ਬਾਹਰ ਕੀ ਭਾਲੇਂ, ਬਾਹਰ ਕੀ ਭਾਲੇਂ।
ਤੇਰੀ ਹਰ ਗੱਲ ਸੁਣਦਾ ਕੋਲੇ, ਜੋ ਤੇਰੇ ਅੰਦਰ ਹੀ ਬੋਲੇ,
ਰਖਦਾ ਤੈਨੂੰ ਕਾਰਜ ਲਾਈ, ਜੋ ਹੁੰਦਾ ਹੈ ਸਦਾ ਸਹਾਈ।
ਆਪ ਪਛਾਣੇਂ, ਤਾਂ ਉਸ ਜਾਣੇਂ, ਜੇ ਉਸ ਜਾਣੇਂ ਭੇਦ ਪਛਾਣੇ,
ਭੇਦ ਜੋ ਪਾਇਆ, ਫਰਕ ਮਿਟਾਇਆ, ਫਰਕ ਮਿਟਾ, ਸੰਗ ਆਪ ਮਿਲਾਇਆ।
ਆਪ ਮਿਲੇ ਮਨ ਚਾਉ ਘਣੇਰੇ, ਬਾਹਰ ਕੀ ਭਾਲੇਂ, ਬਾਹਰ ਕੀ ਭਾਲੇਂ।
ਜੋ ਵਸਦਾ ਅੰਦਰ ਤੇਰੇ, ਬਾਹਰ ਕੀ ਭਾਲੇਂ, ਬਾਹਰ ਕੀ ਭਾਲੇਂ।
ਜੋ ਖੋਜੇ ਸੋ ਉਸ ਨੂੰ ਪਾਵੇ, ਉਸ ਸੰਗ ਜੁੜੇ, ਸੋ ਭਟਕ ਮਿਟਾਵੇ।
ਭਟਕ ਮਿਟਾਵੇ, ਟੇਕ ਲਗਾਵੇ, ਟੇਕ ਲਗਾਵੇ ਤੇ ਉਸ ਪਾਵੇ।
ਅੰਦਰ ਅਪਣੇ ਧਿਆਨ ਟਿਕਾ ਲੈ, ਚੁਪ ਹੋ, ਉਸ ਸੰਗ ਟੇਕ ਲਗਾ ਲੈ।
ਜਪ ਹਰ ਨਾਮ, ਹਰ ਸਾਸ ਵਸਾ ਲੈ, ਫਿਰ ਉਸ ਨੂੰ ਅੰਦਰ ਹੀ ਪਾਲੈ।
ਕਟ ਲੈ ਆਉਣ ਜਾਣ ਦੇ ਫੇਰੇ, ਬਾਹਰ ਕੀ ਭਾਲੇਂ, ਬਾਹਰ ਕੀ ਭਾਲੇਂ।
ਜੋ ਵਸਦਾ ਅੰਦਰ ਤੇਰੇ, ਬਾਹਰ ਕੀ ਭਾਲੇਂ, ਬਾਹਰ ਕੀ ਭਾਲੇਂ।
(08/02/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੱਗ ਬੰਧਨ ਦੁਨੀਆਂਦਾਰੀ ਹੈ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੱਗ ਬੰਧਨ ਦੁਨੀਆਂਦਾਰੀ ਹੈ। ਨਿਤ ਵਧਦਾ ਬੋਝਾ ਭਾਰੀ ਹੈ।
ਇਹ ਬੋਝਾ ਵਧਦਾ ਜਾਂਦਾ ਹੈ। ਪਰ ਬਲ ਨਿਤ ਘਟਦਾ ਜਾਂਦਾ ਹੈ।
ਕੀਤੇ ਦਾ ਫਲ ਨਾ ਆਂਦਾ ਹੈ, ਖੁਸ਼ ਘੱਟ, ਮਨ ਵੱਧ ਘਬਰਾਂਦਾ ਹੈ।
ਨਿਤ ਚੜ੍ਹਦਾ ਫਿਕਰ ਸਵਾਰੀ ਹੈ। ਜੱਗ ਬੰਧਨ ਦੁਨੀਆਂਦਾਰੀ ਹੈ।
ਜਿਉਂ ਬੋਝ ਇਹ ਢੋਂਦੇ ਜਾਂਦੇ ਹਾਂ। ਤਿਉਂ ਹੋਰ ਉਲਝਦੇ ਜਾਂਦੇ ਹਾਂ।
ਹੱਲ ਕੋਈ ਲੱਭ ਨਾ ਪਾਂਦੇ ਹਾਂ। ਰਗੜੇ ਤੇ ਰਗੜੇ ਖਾਂਦੇ ਹਾਂ।
ਹਾਰਾਂ ਦੀ ਸੱਟ ਕਰਾਰੀ ਹੈ। ਜੱਗ ਬੰਧਨ ਦੁਨੀਆਂਦਾਰੀ ਹੈ।
ਮਨ ਸਮਝੇ ਨਾ, ਕੀ ਕਰਨਾ ਹੈ। ਮੋਹ ਮਾਇਆ ਤੋਂ ਕਿੰਜ ਬਚਣਾ ਹੈ।
ਕਿੰਜ ਕੂੜ ਤੋਂ ਪਾਸੇ ਰਹਿਣਾ ਹੈ। ਕਿੰਜ ਸੱਚ-ਸੱਚੇ ਸੰਗ ਜੁੜਣਾ ਹੈ।
ਕਿਉਂ ਦੁਨੀਆਂ ਅਜੇ ਪਿਆਰੀ ਹੈ। ਜੱਗ ਬੰਧਨ ਦੁਨੀਆਂਦਾਰੀ ਹੈ।
ਜੱਗ ਰਹਿੰਦੇ ਚਿਕੜ ਦੂਰ ਕਿਵੇਂ। ਹਿਰਦੇ ਵਿੱਚ ਆਵੇ ਨੂਰ ਕਿਵੇਂ।
ਹੋ ਜਾਈਏ ਫਿਰ ਮਖਮੂਰ ਕਿਵੇਂ। ਦਰ ਪੁੱਜੀਏ ਸੱਚ ਹਜ਼ੂਰ ਕਿਵੇਂ।
ਪਲ ਮਿਲੇ ਮੁਕਾਮ-ਦੀਦਾਰੀ ਹੈ। ਜੱਗ ਬੰਧਨ ਦੁਨੀਆਂਦਾਰੀ ਹੈ।
ਜਦ ਚਾਹੁੰਦਾ ਹੈ ਲੜ ਲਾਉਂਦਾ ਹੈ। ਦਰ ਆਏ ਨਾ ਠੁਕਰਾਉਂਦਾ ਹੈ।
ਕੀ ਕਰਨੈ ਖੁਦ ਸਮਝਾਉਂਦਾ ਹੈ। ਜਿਉਂ ਭਾਵੇ ਤਿਵੇਂ ਚਲਾਉਂਦਾ ਹੈ।
ਛੱਡ ਜੱਗ, ਪਾ ਉਸ ਸੰਗ ਯਾਰੀ ਹੈ। ਜੱਗ ਬੰਧਨ ਦੁਨੀਆਂਦਾਰੀ ਹੈ।
ਕਰ ਦੇ ਸੱਭ ਸੋਚ ਵਿਚਾਰ ਪਰੇ। ਸੰਗ ਉਸ ਦੇ ਜੋੜ ਲੈ ਤਾਰ ਘਰੇ।
ਜਿਉਂ ਆਖੇ ਕਰ ਸਭ ਕਾਰ ਖਰੇ। ਖੁਦ ਆਪੇ ਲਾਊ ਪਾਰ ਤਰੇ।
ਇਹ ਮਾਇਆ ਪਰਖਣ ਹਾਰੀ ਹੈ। ਜੱਗ ਬੰਧਨ ਦੁਨੀਆਂਦਾਰੀ ਹੈ।
ਰੱਖ ਓਟ ਤੇ ਧਰਮ ਨਿਭਾਂਦਾ ਜਾ, ਕੀ ਮੈਂ, ਉਹ, ਗਿਆਨ ਵਧਾਂਦਾ ਜਾ।
ਸਦ ਧਿਆਨ ਉਸੇ ਵਿੱਚ ਲਾਂਦਾ ਜਾ। ਇੰਜ ਸ਼ਬਦ ਦੀ ਕਾਰ ਕਮਾਂਦਾ ਜਾ।
ਉਸ ਦੀ ਤਾਂ ਨਦਰ ਨਿਆਰੀ ਹੈ। ਜੱਗ ਬੰਧਨ ਦੁਨੀਆਂਦਾਰੀ ਹੈ।
ਲੋਭ ਲਾਲਚ ਦੀ ਦੁਨੀਆਂ ਦੇ ਵਿੱਚ ਖੋ ਕੇ ਰਹਿ ਗਏ ਆਂ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਲੋਭ ਲਾਲਚ ਦੀ ਦੁਨੀਆਂ ਦੇ ਵਿੱਚ ਖੋ ਕੇ ਰਹਿ ਗਏ ਆਂ।
ਮੁਕਤ ਹੋਣ ਦੀ ਥਾਂ ਤੇ ਜੱਗ ਦੇ ਹੋ ਕੇ ਰਹਿ ਗਏ ਆਂ॥
ਇਹ ਤਾਂ ਪਤਾ ਹੈ ਜੱਗ ਰੱਬ ਰਚਿਆ ਖੇਲ੍ਹ ਚਲਾਵਣ ਲਈ।
ਬੰਦਾ ਰੱਬ ਨੇ ਘੜਿਆ ਅਪਣਾ ਰੋਲ ਨਿਭਾਵਣ ਲਈ।
ਅਣਜਾਣੇ ਬਣ ਮਨ ਦੇ ਬੂਹੇ ਢੋ ਕੇ ਬਹਿ ਗਏ ਆਂ।
ਲੋਭ ਲਾਲਚ ਦੀ ਦੁਨੀਆਂ ਦੇ ਵਿੱਚ ਖੋ ਕੇ ਰਹਿ ਗਏ ਆਂ।
ਨਾਲ ਲਿਆਏ ਕੁੱਝ ਨਾ, ਕੁੱਝ ਵੀ ਸਾਥ ਨਾ ਜਾਣਾ ਏਂ।
ਫਿਰ ਵੀ ਛੱਡਿਆ ਜੱਫਾ ਨਾ ਮਾਇਆ ਨੂੰ ਪਾਣਾ ਏਂ।
ਬਿਨਸਣਹਾਰੀ ਮਾਇਆ ਵਾਧੂ, ਢੋ ਕੇ ਰਹਿ ਗਏ ਆਂ।
ਲੋਭ ਲਾਲਚ ਦੀ ਦੁਨੀਆਂ ਦੇ ਵਿੱਚ ਖੋ ਕੇ ਰਹਿ ਗਏ ਆਂ।
ਰੱਬ ਦੇ ਸਾਰੇ ਜੀਅ ਇਹ ਦਿਲੋਂ ਭੁਲਾਈ ਜਾਂਦੇ ਹਾਂ।
‘ਆਹ ਮੇਰਾ, ਅਹੁ ਤੇਰਾ’ ਵੰਡੀਆਂ ਪਾਈ ਜਾਂਦੇ ਹਾਂ।
ਕੱਤਿਆ ਕੁੱਝ ਨਾ ਪੂਰਾ, ਪੂਣੀ ਛੋਹ ਕੇ ਬਹਿ ਗਏ ਆਂ।
ਲੋਭ ਲਾਲਚ ਦੀ ਦੁਨੀਆਂ ਦੇ ਵਿੱਚ ਖੋ ਕੇ ਰਹਿ ਗਏ ਆਂ।
ਬਿਨਸਣਹਾਰੇ ਰੂਪ ਰੰਗ ਤੇ ਐਵੇਂ ਡੁਲ੍ਹ ਗਏ ਆਂ।
ਮੋਹ ਦੀ ਥਾਂ ਤੇ ਪ੍ਰੇਮ ਪ੍ਰਭੂ ਦਾ ਕਰਨਾ ਭੁਲ ਗਏ ਆਂ।
ਨਾਮ ਜਪਣ ਦੀ ਥਾਂ ਮੋਹ ਚੱਕੀ ਝੋਕੇ ਬਹਿ ਗਏ ਆਂ।
ਲੋਭ ਲਾਲਚ ਦੀ ਦੁਨੀਆਂ ਦੇ ਵਿੱਚ ਖੋ ਕੇ ਰਹਿ ਗਏ ਆਂ।