ਨਾਮ ਬਿਨਾ ਨਈਂ ਸਰਦਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾਮ ਬਿਨਾ ਨਈਂ ਸਰਦਾ ਵਾਹਿਗੁਰੂ , ਨਾਮ ਬਿਨਾ ਨਈਂ ਸਰਦਾ।
ਨਾਮ ਤੋਂ ਟੁੱਟਿਆਂ ਹਿਰਦਾ ਮੇਰਾ, ਟੁੱਟ-ਜੂੰ ਟੁੱਟ-ਜੂੰ ਕਰਦਾ।
ਨਸ਼ਾ ਨਾਮ ਦਾ ਚੜ੍ਹਿਆ ਐਸਾ, ਜੱਗ ਦੀ ਹੋਸ਼ ਭੁਲਾਈ।
ਨਾਮ ਜਪਦਿਆ ਕਾਰਜ ਹੁੰਦੇ, ਰੁਕਦਾ ਕੰਮ ਨਾ ਰਾਈ।
ਨਾਮ ਸਹਾਰਾ, ਸੁਰਗ ਨਜ਼ਾਰਾ, ਵਿਛੜਣ ਤੋਂ ਚਿਤ ਡਰਦਾ।
ਨਾਮ ਬਿਨਾ ਨਈਂ ਸਰਦਾ ਵਾਹਿਗੁਰੂ , ਨਾਮ ਬਿਨਾ ਨਈਂ ਸਰਦਾ।
ਨਾਮ ਬਿਨਾ ਹਾਂ ਹੀਣਾ ਹੀਣਾ, ਨਾਮ ਬਿਨਾ ਕੀ ਜੀਣਾ।
ਨਾਮ ਜਪਦਿਆਂ ਫਰਜ਼ ਨਿਭਾਉਣੇ, ਨਾਮ ‘ਚ ਮਰਨਾ ਥੀਣਾ।
ਦੂਰ ਰਹਿਣ ਤੇ ਚਿੱਤ ਉਦਾਸਾ, ਯਾਦ ‘ਚ ਹੌਕੇ ਭਰਦਾ।
ਨਾਮ ਬਿਨਾ ਨਈਂ ਸਰਦਾ ਵਾਹਿਗੁਰੂ , ਨਾਮ ਬਿਨਾ ਨਈਂ ਸਰਦਾ।
ਨਾਮ ਹੀ ਤਾਕਤ, ਨਾਮ ਹੀ ਹਿੰਮਤ, ਨਾਮ ਹੀ ਜਿੰਦੜੀ ਮੇਰੀ।
ਨਾਮ ਤੋਂ ਘੁਥਿਆਂ ਇਉਂ ਲਗਦਾ ਜਿਉਂ, ਹਿੰਮਤ ਹੋ ਗਈ ਢੇਰੀ।
ਨਾਮ ਲਿਆਂ ਸਭ ਸ਼ਰਮਾਂ ਮਰੀਆਂ, ਤੂੰ ਤੇ ਮੈਂ ਕੀ ਪਰਦਾ।
ਨਾਮ ਬਿਨਾ ਨਈਂ ਸਰਦਾ ਵਾਹਿਗੁਰੂ , ਨਾਮ ਬਿਨਾ ਨਈਂ ਸਰਦਾ।
ਮਾਇਆ ਨਾਲੋਂ ਮੋਹ ਮੁੱਕ ਚੁੱਕਾ, ਜਦ ਦਾ ਨਾਮ ਪਿਆਰਾ।
ਰੱਬ ਦਾ ਹੁਕਮ ਵਜਾਉਂਦੇ, ਕਰਦੇ ਰੱਬ ਦਾ ਕੰਮ ਵੀ ਸਾਰਾ।
ਕਾਰ ‘ਚ ਤਨ ਤੇ ਮੀਤ ‘ਚ ਮਨ ਫਿਰ, ਮਨ ਕਿਉਂ ਮਰਨੋਂ ਡਰਦਾ?
ਨਾਮ ਬਿਨਾ ਨਈਂ ਸਰਦਾ ਵਾਹਿਗੁਰੂ , ਨਾਮ ਬਿਨਾਨਈਂ ਸਰਦਾ।