ਬਿਨ ਰੱਬ ਦੇ ਹੋਰ ਤੋਂ ਡਰੀਏ ਨਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਿਲ ਰਹੀਏ ਸੱਭ ਸੰਗ ਪਿਆਰ ਨਾਲ, ਬਿਨ ਰੱਬ ਦੇ ਹੋਰ ਤੋਂ ਡਰੀਏ ਨਾਂ।
ਜੋ ਖੋਟਾ ਹੋਵੇ ਅੰਦਰ ਤੋਂ, ਗੱਲ ਉਸ ਸੰਗ ਦਿਲ ਦੀ ਕਰੀਏ ਨਾ।
ਦੁਨੀਆਂ ਦੇ ਰੰਗ ਅਣਗਿਣਤ ਦਿਸਣ, ਗਿਣਿਆਂ ਤੇ ਗਿਣ ਨਾਂ ਹੁੰਦੇ ਨੇ,
ਜਦ ਜਾਚ ਕਲਾ ਦੀ ਹੋਵੇ ਨਾ, ਰੰਗ ਪੁੱਠ ਸਿੱਧੇ ਭਰੀਏ ਨਾ।
ਇਹ ਦੁਨੀਆਂ ਇੱਕ ਪੜਾ ਵਰਗੀ, ਸੱਭ ਰੁਕ ਰੁਕ ਚਲਦੇ ਬਣਦੇ ਨੇ,
ਬਣ ਮਾਲਿਕ ਰਹਿੰਦਾ ਕੋਈ ਨਾ,ਇਉਂ ਮੇਰੀ ਮੇਰੀ ਕਰੀਏ ਨਾ।
ਇਸ ਚਾਰ ਦਿਨਾਂ ਦੇ ਮੇਲੇ ਨੂੰ,ਭਲਿਆਂ ਸੰਗ ਮਿਣ ਕੇ ਮਾਣ ਲਵੋ,
ਮਾਇਆ ਵਿੱਚ ਖਪਦੇ ਰਹੀਏ ਨਾ, ਜੀਂਦੇ ਜੀ ਪਲ ਪਲ ਮਰੀਏ ਨਾ।
ਸਭ ਕਰਨ ਕਰਾਵਣ ਦਾਤਾ ਹੈ, ਰਹਿ ੳਸਦੇ ਹੁਕਮ ਚ ਜੀਓ ਜੀ
ਇਸ ਵਗਦੀ ਨਦ ਦੇ ਵਹਿਣ ਚ ਤਾਂ, ਉਲਟੇ ਰੁਖ ਕਦੇ ਵੀ ਤਰੀਏ ਨਾ।
ਜਿਸ ਰਚਿਆ ਉਸ ਨੂੰ ਯਾਦ ਕਰੋ, ਜੋ ਪਾਵੋ, ਉਸ ਦੀਆਂ ਮਿਹਰਾਂ ਨੇ,
ਦਾਤੇ ਦੀ ਦਾਤ ਦਾ ਸ਼ੁਕਰ ਕਰੋ, ਉਸ ਬਿਨ ਦਿਲ ਕਿਤੇ ਵੀ ਧਰੀਏ ਨਾ।