ਦੁਨੀਆਂ ਬਹੁਰੰਗੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਾਜ ਕੇ ਕੁਲ ਬ੍ਰਹਿਮੰਡ ਨੂੰ, ਕਾਰਜ ਵਿੱਚ ਲਾਇਆ।
ਹਰ ਪਲ ਬਦਲੀ ਹੋ ਰਹੀ, ਰੰਗ ਨਵਾਂ ਵਿਖਾਇਆ।
ਇੱਕ ਦੂਜੇ ਤੋਂ ਵੱਖਰੇ, ਸੱਭ ਸਮਝ ਨਾ ਪਾਵਾਂ।
ਰੱਬ ਦੇ ਰੰਗ ਨਾ ਗਿਣ ਸਕਾਂ, ਮੈਂ ਗਿਣਦਾ ਜਾਵਾਂ।
ਸ਼ਾਂਤ ਜੇ ਵਾਤਾਵਰਨ ਤਾਂ ਕਿਧਰੇ ਤੂਫਾਨੀ ।
ਕਿਧਰੇ ਲਾਵੇ ਉਬਲਦੇ ਜਾਂ ਭੋਂ ਬਰਫਾਨੀ ।
ਕਿਤੇ ਨੇ ਲੂਆਂ ਲੂੰਹਦੀਆਂ, ਕਿਤੇ ਸੀਤ ਹਵਾਵਾਂ ।
ਰੱਬ ਦੇ ਰੰਗ ਨਾ ਗਿਣ ਸਕਾਂ, ਮੈਂ ਗਿਣਦਾ ਜਾਵਾਂ।
ਕਿਧਰੇ ਫਸਲਾਂ ਝੂਲੀਆਂ, ਕਿਧਰੇ ਹੈ ਸੋਕਾ ।
ਰੱਜੀਆਂ ਪੁੱਜੀਆਂ ਮੱਝੀਆਂ, ਕਿਤੇ ਭੁੱਖਾ ਡੋਕਾ ।
ਕਿਧਰੇ ਜੰਗਲ ਸੰਘਣੇ, ਰੁੱਖ ਕਿਧਰੇ ਟਾਵਾਂ ।
ਰੱਬ ਦੇ ਰੰਗ ਨਾ ਗਿਣ ਸਕਾਂ, ਮੈਂ ਗਿਣਦਾ ਜਾਵਾਂ।
ਕਿਧਰੇ ਸਜੀਆਂ ਕੋਠੀਆਂ, ਕਿਤੇ ਸੁੰਨੀ ਕੁੱਲੀ ।
ਕੋਈ ਗੱਦਿਆਂ ਦੀ ਨਿਘ ਮਾਣਦਾ, ਕੋਈ ਲੈ ਸੁੱਤਾ ਜੁੱਲੀ।
ਇੱਕ ਅਖਬਾਰ ਲੇਟ ਕੇ, ਸੌਂ ਗਿਆ ਨਥਾਵਾਂ।
ਰੱਬ ਦੇ ਰੰਗ ਨਾ ਗਿਣ ਸਕਾਂ, ਮੈਂ ਗਿਣਦਾ ਜਾਵਾਂ।
ਕੋਈ ਰਾਜੇ ਰਾਜ ਕਮਾਂਵਦੇ,ਕੋਈ ਕਰਨ ਗੁਲਾਮੀ ।
ਕੋਈ ਲੁਟਦਾ ਧਰਮ ਸਥਾਨ ਨੂੰ, ਕੋਈ ਵੰਡਦਾ ਬੇਨਾਮੀ ।
ਕੋਈ ਠੱਗ ਚੋਰ ਬਦਮਾਸ਼ ਨੇ, ਕੋਈ ਸੇਵਕ ਸਾਵਾਂ ।
ਰੱਬ ਦੇ ਰੰਗ ਨਾ iਗਣ ਸਕਾ ਮੈ ਗਿਣਦਾ ਜਾਵਾਂ ।
ਕੋਈ ਪਿਆਰ ‘ਚ ਅੰਨਾਂ ਹੋ ਗਿਆ, ਕੋਈ ਹਵਸ ‘ਚ ਅੰਨਾ
ਕੋਈ ਦੁਸ਼ਮਣ ਮਾਰੇ ਹੱਦ ਤੇ, ਕੋਈ ਖੜਾ ਚੁਕੰਨਾ
ਕੋਈ ਕਰਦਾ ਕਤਲ ਭਰਾ ਦਾ, ਕੋਈ ਮਾਰੇ ਮਾਂਵਾਂ।
ਰੱਬ ਦੇ ਰੰਗ ਨਾ ਗਿਣ ਸਕਾਂ, ਮੈਂ ਗਿਣਦਾ ਜਾਵਾਂ।
ਕੋਈ ਬੀਆਬਾਨ ‘ਚ ਤਪ ਕਰੇ, ਕੋਈ ਪਰਬਤ ਭਟਕੇ।
ਕੋਈ ਰੱਬ ਨੂੰ ਪਾਉਣਾ ਲੋਚਦਾ ਹੋ ਉਲਟਾ ਲਟਕੇ ।
ਕੋਈ ਧੂਣੇ ਲਾ ਕੇ ਬਹਿ ਗਿਆ ਸਿਵਿਆਂ ਦੀ ਥਾਂਵਾਂ।
ਰੱਬ ਦੇ ਰੰਗ ਨਾ ਗਿਣ ਸਕਾਂ, ਮੈਂ ਗਿਣਦਾ ਜਾਵਾਂ ।
ਕਿਧਰੇਂ ਤਾਂ ਉਹ ਫੁੱਲ ਬਣ ਵਾੜੀ ਮਹਕਾਵੇ।
ਕਿਧਰੇ ਭੌਰਾ ਬਣ ਗਿਆ ਫੁੱਲਾਂ ਤੇ ਆ ਗਾਵੇਂ।
ਬਹੁਰੰਗੇ ਇਸ ਜਗਤ ਦੇ ਕੀ ਹਾਲ ਸੁਣਾਵਾਂ।
ਰੱਬ ਦੇ ਰੰਗ ਨਾ ਗਿਣ ਸਕਾਂ, ਮੈਂ ਗਿਣਦਾ ਜਾਵਾਂ ।
ਚਿੜੀਆਂ ਚੀਂ ਚੀਂ ਗਾਉਂਦੀਆਂ, ਉੱਠ ਖੜ੍ਹੀ ਕਿਸਾਨੀ।
ਰਿੜਕਣ ਦੁੱਧ ਸਵਾਣੀਆਂ ਤੇ ਪੜ੍ਹਦੀਆਂ ਬਾਣੀ।
ਮਿਹਰਾਂ ਲਹਿਰਾਂ ਰੱਭ ਦੀਆਂ ਜੋ ਦੇਵੇ ਖਾਵਾਂ।
ਰੱਬ ਦੇ ਰੰਗ ਨਾ ਗਿਣ ਸਕਾ ਮੈਂ ਗਿਣਦਾ ਜਾਵਾਂ।